ਜਗਰਾਉਂ ,26 (ਪ੍ਰਤਾਪ ਸਿੰਘ): ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਚ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਵਿਖੇ ਸਮਾਗਮ ਹੋਏ ਜਿਸ ਵਿਚ ਅਖੰਡ ਕੀਰਤਨੀ ਜਥੇ ਭਾਈ ਜਸਪਾਲ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਜਗਰਾਉਂ ਵਾਲਿਆਂ ਨੇ ਬਹੁਤ ਹੀ ਰਸ ਭਿੰਨਾ ਕੀਰਤਨ ਕੀਤਾ। ਸਿੱਖ ਮਿਸ਼ਨਰੀ ਕਾਲਜ ਜਗਰਾਉਂ ਸਰਕਲ ਦੇ ਸਹਿਯੋਗ ਨਾਲ ਹੋਏ ਸਮਾਗਮਾਂ ਸਮੇਂ ਵੱਡੀ ਗਿਣਤੀ ਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਇਸ ਮੌਕੇ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਦੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਆਖਿਆ ਕਿ ਸਿੱਖਾਂ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਕਦਮ ਕਦਮ ਤੇ ਸਿੱਖਾਂ ਨੂੰ ਆਪਣੇ ਹੱਕ ਲੈਣ ਲਈ ਕੁਰਬਾਨੀਆਂ ਦੇਣੀਆਂ ਪਈਆਂ ਇੱਥੋਂ ਤਕ ਕਿ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਆਏ ਨਿਘਾਰ ਨੂੰ ਦੂਰ ਕਰਨ ਲਈ ਵੀ ਸਿੱਖਾਂ ਨੂੰ ਆਪਣੇ ਖੂਨ ਦੀ ਆਹੂਤੀ ਦੇਣੀ ਪਈ। ਗੁਰਦੁਆਰਾ ਨਨਕਾਣਾ ਸਾਹਿਬ ਸਿੱਖਾਂ ਦਾ ਉਹ ਪਵਿੱਤਰ ਮੁਕੱਦਸ ਅਸਥਾਨ ਹੈ ਜਿੱਥੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਸੀ। ਇਸ ਅਸਥਾਨ ਤੇ 20 ਫਰਵਰੀ 1921 ਈਸਵੀ ਵਿੱਚ ਵਾਪਰੇ ਸ਼ਹੀਦੀ ਸਾਕੇ ਨੂੰ ਸਾਕਾ ਨਨਕਾਣਾ ਸਾਹਿਬ ਕਰਕੇ ਜਾਣਿਆ ਜਾਂਦਾ ਹੈ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ। ਇਸ ਮੌਕੇ ਸੰਗਤਾਂ ਵਿਚ ਪ੍ਰਿੰਸੀਪਲ ਸੁਖਜੀਤ ਸਿੰਘ, ਜਗਜੀਤ ਸਿੰਘ, ਬਲਵਿੰਦਰ ਸਿੰਘ ਮੱਕਡ਼, ਜਤਿੰਦਰਪਾਲ ਸਿੰਘ ਜੇ ਪੀ, ਜਥੇਦਾਰ ਕੁਲਵੀਰ ਸਿੰਘ ਸਰਨਾ, ਗਗਨਦੀਪ ਸਿੰਘ ਸਰਨਾ, ਇਕਬਾਲ ਸਿੰਘ ਸਰਨਾ, ਚਰਨਜੀਤ ਸਿੰਘ ਸਰਨਾ, ਇੰਦਰਪਾਲ ਸਿੰਘ, ਤਰਲੋਕ ਸਿੰਘ ਸਿਡਾਨਾ, ਇਸ਼ਮੀਤ ਸਿੰਘ ਭੰਡਾਰੀ, ਉੱਜਲ ਸਿੰਘ, ਰਣਜੀਤ ਸਿੰਘ, ਰਵਿੰਦਰਪਾਲ ਸਿੰਘ ਮੈਦ ਤੇ ਗੁਰਮੀਤ ਸਿੰਘ ਬਿੰਦਰਾ ਆਦਿ ਹਾਜ਼ਰ ਸਨ।