ਸਿਰੋਹੀ:, 15 ਮਈ ( ਬਿਊਰੋ)-ਰਾਜਸਥਾਨ ਦੇ ਸਿਰੋਹੀ ‘ਚ ਐਤਵਾਰ ਸਵੇਰੇ ਵਾਪਰੇ ਇਕ ਭਿਆਨਕ ਸੜਕ ਹਾਦਸੇ ‘ਚ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਅੱਧੀ ਦਰਜਨ ਲੋਕ ਗੰਭੀਰ ਜ਼ਖਮੀ ਹੋ ਗਏ।ਇਹ ਹਾਦਸਾ ਟਰਾਲੇ ਅਤੇ ਕਾਰ ਦੀ ਟੱਕਰ ਕਾਰਨ ਵਾਪਰਿਆ।ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ।ਪੁਲਿਸ ਨੇ ਲਾਸ਼ਾਂ ਨੂੰ ਸਥਾਨਕ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ।ਜ਼ਖਮੀਆਂ ਦਾ ਸ਼ਿਵਗੰਜ ਦੇ ਸਰਕਾਰੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਥਾਣੇ ਤੋਂ ਇਲਾਵਾ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਪਹੁੰਚ ਗਏ ਅਤੇ ਰਾਹਤ ਅਤੇ ਬਚਾਅ ਕਾਰਜਾਂ ‘ਚ ਤੇਜ਼ੀ ਲਿਆਂਦੀ।ਮ੍ਰਿਤਕ ਦੇ ਵਾਰਸਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ।ਪੁਲਿਸ ਸੁਪਰਡੈਂਟ ਧਰਮਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਇਹ ਹਾਦਸਾ ਪਾਲਦੀ ਐਮ ਥਾਣਾ ਖੇਤਰ ਦੇ ਉਸਮਾਨ ਟੋਲ ਪਲਾਜ਼ਾ ਦੇ ਸਾਹਮਣੇ ਐਤਵਾਰ ਸਵੇਰੇ ਵਾਪਰਿਆ। ਉੱਥੇ ਇੱਕ ਟਰਾਲੇ ਨੇ ਬੇਕਾਬੂ ਹੋ ਕੇ ਕਾਰ ਨੂੰ ਟੱਕਰ ਮਾਰ ਦਿੱਤੀ। ਇਹ ਕਾਰ ਸਿਰੋਹੀ ਤੋਂ ਸ਼ਿਵਗੰਜ ਵੱਲ ਜਾ ਰਹੀ ਸੀ। ਇਸ ਹਾਦਸੇ ‘ਚ ਕਾਰ ‘ਚ ਸਵਾਰ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 6 ਲੋਕ ਗੰਭੀਰ ਜ਼ਖਮੀ ਹੋ ਗਏ।ਪੰਜਾਂ ਦੀਆਂ ਲਾਸ਼ਾਂ ਪਾਲਦੀ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀਆਂ ਗਈਆਂ ਹਨ।ਜ਼ਖਮੀਆਂ ਨੂੰ ਇਲਾਜ ਲਈ ਐਬੂਲੈਂਸ ਰਾਹੀਂ ਸ਼ਿਵਗੰਜ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ।ਹਾਦਸੇ ਵਿੱਚ ਮਾਰੇ ਗਏ ਲੋਕ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਹਨ। ਮਰਨ ਵਾਲਿਆਂ ਵਿੱਚੋਂ ਤਿੰਨ ਦੀ ਪਛਾਣ ਹੋ ਗਈ ਹੈ। ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਰ ਅਜੇ ਤੱਕ ਦੋ ਔਰਤਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਉਨ੍ਹਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ ਅਤੇ ਸੜਕ ‘ਤੇ ਜਾਮ ਲੱਗ ਗਿਆ।ਰਾਹਗੀਰਾਂ ਤੇ ਹੋਰਨਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
