
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੇ ‘ਆਈਕਾਨਿਕ ਵੀਕ ਸਮਾਰੋਹ’ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ 1, 2, 5, 10 ਅਤੇ 20 ਰੁਪਏ ਦੇ ਸਿੱਕਿਆਂ ਦੀ ਨਵੀਂ ਲੜੀ ਵੀ ਜਾਰੀ ਕੀਤੀ।ਇਹ ਸਿੱਕੇ ਆਜ਼ਾਦੀ ਦੇ ਅੰਮ੍ਰਿਤ ਉਤਸਵ ਨੂੰ ਸਮਰਪਿਤ ਕੀਤੇ ਗਏ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਿੱਕੇ ਲੋਕਾਂ ਨੂੰ ਅੰਮ੍ਰਿਤ ਕਾਲ ਦੇ ਟੀਚਿਆਂ ਦੀ ਲਗਾਤਾਰ ਯਾਦ ਦਿਵਾਉਣਗੇ ਅਤੇ ਰਾਸ਼ਟਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਗੇ।ਪ੍ਰਧਾਨ ਮੰਤਰੀ ਨੇ ਇਸ ਪ੍ਰੋਗਰਾਮ ਵਿੱਚ ਮੌਜੂਦ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੇ ਅਧਿਕਾਰੀਆਂ, ਕਰਮਚਾਰੀਆਂ ਨੂੰ ਕਿਹਾ, ‘ਤੁਸੀਂ ਸਾਰੇ ਇਸ ਵਿਰਾਸਤ ਦਾ ਹਿੱਸਾ ਹੋ। ਦੇਸ਼ ਦੇ ਆਮ ਲੋਕਾਂ ਦਾ ਜੀਵਨ ਸੁਖਾਲਾ ਬਣਾਉਣ ਦੀ ਗੱਲ ਹੋਵੇ ਜਾਂ ਦੇਸ਼ ਦੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਪਿਛਲੇ 75 ਸਾਲਾਂ ਵਿੱਚ ਬਹੁਤ ਸਾਰੇ ਦੋਸਤਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ।ਬੀਤੇ ਸਾਲਾਂ ਦੌਰਾਨ ਵਿੱਤ ਮੰਤਰਾਲਾ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੇ ਆਪਣੀਆਂ ਕਾਰਵਾਈਆਂ ਰਾਹੀਂ, ਸਹੀ ਸਮੇਂ ‘ਤੇ ਸਹੀ ਫੈਸਲਿਆਂ ਰਾਹੀਂ, ਆਪਣੀ ਵਿਰਾਸਤ ਨੂੰ ਸਿਰਜਿਆ ਹੈ, ਇੱਕ ਸ਼ਾਨਦਾਰ ਯਾਤਰਾ ਕੀਤੀ ਹੈ।ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ 6 ਤੋਂ 11 ਜੂਨ ਤੱਕ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ ਸਮਾਰੋਹ ਦਾ ਆਯੋਜਨ ਕਰੇਗਾ। ਇਸ ਦੌਰਾਨ, ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਅਤੇ ਵਿੱਤ ਮੰਤਰਾਲੇ ਦਾ ਹਰੇਕ ਵਿਭਾਗ ਆਪਣੇ ਅਮੀਰ ਇਤਿਹਾਸ ਅਤੇ ਵਿਰਾਸਤ ਦੇ ਨਾਲ-ਨਾਲ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਤਪਰਤਾ ਦਾ ਪ੍ਰਦਰਸ਼ਨ ਕਰੇਗਾ।ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰੈਡਿਟ ਲਿੰਕਡ ਸਰਕਾਰੀ ਸਕੀਮਾਂ ਲਈ ‘ਜਨ ਸਮਰਥ ਪੋਰਟਲ’ ਲਾਂਚ ਕੀਤਾ। ਇਹ ਪੋਰਟਲ ਇੱਕ ਪਲੇਟਫਾਰਮ ‘ਤੇ ਵੱਖ-ਵੱਖ ਸਕੀਮਾਂ ਪ੍ਰਦਾਨ ਕਰੇਗਾ। ਇਹ ਆਪਣੇ ਆਪ ਵਿੱਚ ਪਹਿਲਾ ਅਜਿਹਾ ਪੋਰਟਲ ਹੋਵੇਗਾ ਜੋ ਲਾਭਪਾਤਰੀਆਂ ਨੂੰ ਰਿਣਦਾਤਿਆਂ ਨਾਲ ਜੋੜੇਗਾ।