ਜਗਰਾਓਂ , 23 ਜੂਨ, ( ਰਾਜੇਸ਼ ਜੈਨ, ਭਗਵਾਨ ਭੰਗੂ)– ਸਥਾਨਕ ਕੱਚਾ ਮਲਕ ਰੋਡ ‘ਤੇ ਪਿੰਡ ਮਲਕ ਨੂੰ ਜਾਂਦੀ ਸੜਕ ‘ਤੇ ਸਥਿਤ ਡਰੇਨ ਨੇੜੇ ਨਵੀਂ ਬਣ ਰਹੀ ਕਲੋਨੀ ‘ਚ ਇਕ ਘਰ ‘ਚ ਪੱਥਰ ਦਾ ਕੰਮ ਕਰਨ ਵਾਲੇ ਬਿਹਾਰੀ ਮਜ਼ਦੂਰ ਦਾ ਦੇਰ ਰਾਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਿਸਦੀ ਖੂਨ ਨਾਲ ਲਥਪਥ ਅੱਜ ਸਵੇਰੇ ਲਾਸ਼ ਬਰਾਮਦ ਹੋਈ। ਉਸ ਦੇ ਨਾਲ ਰਹਿੰਦਾ ਇੱਕ ਹੋਰ ਮਜ਼ਦੂਰ ਘਰੋਂ ਲਾਪਤਾ ਹੈ।ਘਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਵਿਅਕਤੀ ਦਾ ਕਤਲ ਹੋਣ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਗੁਰਵਿੰਦਰ ਸਿੰਘ ਪੁੱਤਰ ਬੂਟਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਮੁਹੱਲਾਆਤਮ ਨਗਰ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਇਸ ਨਵੀਂ ਬਣ ਰਹੀ ਕਲੋਨੀ ਵਿੱਚ ਉਹ ਆਪਣੀ ਜਗ੍ਹਾ ਲੈ ਕੇ ਆਪਣਾ ਨਵਾਂ ਮਕਾਨ ਬਣਾ ਰਿਹਾ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 8 ਵਜੇ ਉਹ ਇਸ ਨਵੇਂ ਬਣ ਰਹੇ ਮਕਾਨ ਵਿੱਚ ਰਹਿੰਦੇ ਉਮੇਸ਼ ਸਾਹੂ ਦੇ ਪਿਤਾ ਜਗਦੀਸ਼ ਸਾਹੂ ਨੂੰ ਲੈ ਕੇ ਪਹੁੰਚਿਆ ਤਾਂ ਉਨ੍ਹਾਂ ਦੇਖਿਆ ਕਿ ਘਰ ਦਾ ਮੁੱਖ ਦਰਵਾਜ਼ਾ ਅੰਦਰੋਂ ਬੰਦ ਸੀ। ਦਰਵਾਜ਼ਜ ਖੜਕਾਉਣ ਤੇ ਵੀ ਜਦੋਂ ਕੋਈ ਨਹੀਂ ਆਇਆ ਤਾਂ ਉਹ ਘਰ ਦੇ ਬਾਹਰ ਪਈ ਪੌੜੀ ਲਗਾ ਕੇ ਘਰ ਵਿਚ ਦਾਖਲ ਹੋਇਆ ਤਾਂ ਦੇਖਿਆ ਕਿ ਮੇਰੇ ਘਰ ਵਿਚ ਰਹਿਣ ਵਾਲਾ ਉਮੇਸ਼ ਸਾਹੂ ਖੂਨ ਨਾਲ ਲੱਥਪੱਥ ਪਿਆ ਸੀ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ 50 ਸਾਲਾ ਉਮੇਸ਼ ਸਾਹੂ ਪੁੱਤਰ ਜਗਦੀਸ਼ ਸਾਹੂ ਵਾਸੀ ਪਿੰਡ ਬਹੋਲੀ ਜ਼ਿਲਾ ਸੁਪੌਲ ਬਿਹਾਰ ਅਤੇ ਰਮੇਸ਼ ਨਾਂ ਦਾ ਵਿਅਕਤੀ ਉਨ੍ਹਾਂ ਦੇ ਘਰ ‘ਚ ਰਹਿ ਕੇ ਕੰਮ ਕਰਦੇ ਸਨ। ਆਪਣਾ ਕੰਮ ਮੁਕਾ ਕੇ ਉਹ ਇਥੇ ਹੀ ਘਰ ਵਿੱਚ ਰਹਿੰਦੇ ਸਨ। ਮਕਾਨ ਮਾਲਕ ਨੇ ਦੱਸਿਆ ਕਿ ਦੋਵੇਂ ਸ਼ਰਾਬ ਪੀਣ ਦੇ ਆਦੀ ਸਨ ਅਤੇ ਹੋ ਸਕਦਾ ਹੈ ਕਿ ਬੁੱਧਵਾਰ ਰਾਤ ਨੂੰ ਸ਼ਰਾਬ ਪੀਣ ਦੌਰਾਨ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਲੜਾਈ ਹੋ ਗਈ ਅਤੇ ਇਸ ਦੇ ਚੱਲਦਿਆਂ ਰਮੇਸ਼ ਨੇ ਉਮੇਸ਼ ਸਾਹੂ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਅਨਵਰ ਮਸੀਹ ਨੇ ਕਿਹਾ ਕਿ ਮਿਰਤਕ ਦੀ ਲਾਸ਼ ਕਬਜ਼ੇ ਵਿੱਚ ਲੈ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਅਗਲੀ ਜਾਂਚ ਜਾਰੀ ਹੈ।