ਘਨੌਲੀ ,23 ਜੂਨ ( ਬਿਊਰੋ): ਨੇੜਲੇ ਪਿੰਡ ਖੁਆਸਪੁਰਾ ਨੇੜੇ ਹੋਏ ਇਕ ਸੜਕ ਹਾਦਸੇ ‘ਚ ਕਾਰ ਤੇ ਆਟੋ ਦੀ ਟੱਕਰ ਹੋਣ ਕਾਰਨ 58 ਸਾਲਾ ਔਰਤ ਦੀ ਮੌਤ ਹੋ ਗਈ ਤੇ 9 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚੋਂ 2 ਦੀ ਹਾਲਤ ਗੰਭੀਰ ਹੋਣ ਕਾਰਨ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਥਾਣਾ ਸਦਰ ਦੇ ਏਐੱਸਆਈ. ਨਸੀਬ ਖ਼ਾਨ ਨੇ ਦੱਸਿਆ ਕਿ ਇੱਕ ਆਟੋ ਰਿਕਸ਼ਾ ਸਵਾਰੀਆਂ ਲੈ ਕੇ ਘਨੌਲੀ ਤੋਂ ਰੂਪਨਗਰ ਵੱਲ ਨੂੰ ਜਾ ਰਿਹਾ ਸੀ। ਜਦੋਂ ਆਟੋ ਚਾਲਕ ਨੇ ਪਿੰਡ ਖੁਆਸਪੁਰਾ ਦੇ ਬੱਸ ਸਟੈਂਡ ਤੋਂ ਸਵਾਰੀ ਚੁੱਕਣ ਲਈ ਆਟੋ ਰਿਕਸ਼ਾ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛੇ ਆ ਰਹੀ ਤੇਜ਼ ਰਫ਼ਤਾਰ ਕਾਰ ਆਟੋ ਨਾਲ ਟਕਰਾ ਗਈ।ਹਾਦਸੇ ਦੌਰਾਨ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ।ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕੁਲਦੀਪ ਕੌਰ(58) ਪਤਨੀ ਪ੍ਰਕਾਸ਼ ਸਿੰਘ ਵਾਸੀ ਘਨੌਲੀ ਨੂੰ ਮਿ੍ਤਕ ਕਰਾਰ ਦਿੱਤਾ। ਜਦਕਿ ਜ਼ਖ਼ਮੀਆਂ ਵਿਕਰਮ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਹਿਸਾਰ (ਹਰਿਆਣਾ) ਮਨਪ੍ਰੀਤ ਕੌਰ ਪੁੱਤਰੀ ਵਿਜੇ ਕੁਮਾਰ ਵਾਸੀ ਨੇੜੇ ਡੀਏਵੀ. ਸਕੂਲ ਰੂਪਨਗਰ, ਦਵਿੰਦਰ ਸਿੰਘ ਪੱਤਰ ਅਜਮੇਰ ਸਿੰਘ ਵਾਸੀ ਰਤਨਪੁਰਾ,ਸੋਹਣ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਹੁਸੈਨਪੁਰ, ਤਰਨਪ੍ਰਰੀਤ ਕੌਰ ਪੁੱਤਰ ਤਲਵਿੰਦਰ ਸਿੰਘ, ਅਮਰਜੀਤ ਕੌਰ ਪਤਨੀ ਤਲਵਿੰਦਰ ਸਿੰਘ ਵਾਸੀ ਕੋਟਲਾ ਨਿਹੰਗ, ਅਕਸ਼ਰਾ ਸੈਣੀ ਪੁੱਤਰ ਮਨਪ੍ਰਰੀਤ ਸਿੰਘ ਵਾਸੀ ਪ੍ਰਰੀਤ ਕਾਲੋਨੀ ਰੂਪਨਗਰ,ਸਤਵਿੰਦਰ ਕੌਰ ਪਤਨੀ ਅਮਰਜੀਤ ਸਿੰਘ,ਬਲਵਿੰਦਰ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਘਨੌਲੀ ਤੇ ਅਨਮੋਲ ਪੁੱਤਰ ਵਿਜੇ ਕੁਮਾਰ ਵਾਸੀ ਰੂਪਨਗਰ ਵਜੋਂ ਹੋਈ ਹੈ।ਇਨ੍ਹਾਂ ‘ਚੋਂ ਵਿਕਰਮ ਤੇ ਅਕਸ਼ਰਾ ਸੈਣੀ ਨੂੰ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ ਹੈ।