Home Education ਸਰਹੱਦੀ ਸੂਬੇ ਪੰਜਾਬ ਵੱਲੋਂ ਸਕੂਲਾਂ ਅਤੇ ਕਾਲਜਾਂ ਵਿੱਚ ਐਨ.ਸੀ.ਸੀ. ਨੂੰ ਪ੍ਰਫੁੱਲਤ ਕਰਨ...

ਸਰਹੱਦੀ ਸੂਬੇ ਪੰਜਾਬ ਵੱਲੋਂ ਸਕੂਲਾਂ ਅਤੇ ਕਾਲਜਾਂ ਵਿੱਚ ਐਨ.ਸੀ.ਸੀ. ਨੂੰ ਪ੍ਰਫੁੱਲਤ ਕਰਨ ਦਾ ਹੰਭਲਾ

77
0

• ਕਿੱਤਾ-ਮੁਖੀ ਐਨ.ਸੀ.ਸੀ. ਵੱਲ ਨੌਜਵਾਨਾਂ ਦੀ ਰੁਚੀ ਵਧਾਉਣ ਲਈ ਭਾਰਤੀ ਫ਼ੌਜ ਨਾਲ ਰਾਬਤਾ

• ਐਨ.ਸੀ.ਸੀ. ਯੂਨਿਟਾਂ ਤੇ ਸਿਖਲਾਈ ਕੇਂਦਰਾਂ ਵਿੱਚ ਨਵੀਆਂ ਸਹੂਲਤਾਂ ਪੈਦਾ ਕਰਨ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਬਜਟ 2022-23 ਵਿੱਚ 5 ਕਰੋੜ ਰੁਪਏ ਰੱਖੇ

ਚੰਡੀਗੜ੍ਹ, 5 ਜੁਲਾਈ: ( ਰਾਜੇਸ਼ ਜੈਨ, ਭਗਵਾਨ ਭੰਗੂ) -ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀਆਂ ਸੂਬੇ ਦੇ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਖ਼ਾਸ ਕਰਕੇ ਭਾਰਤੀ ਫ਼ੌਜ ਵਿੱਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੀਆਂ ਹਦਾਇਤਾਂ ਦੇ ਸਨਮੁਖ ਸੂਬਾ ਸਰਕਾਰ ਕਿੱਤਾਮੁਖੀ ਐਨ.ਸੀ.ਸੀ. ਨੂੰ ਸਕੂਲਾਂ-ਕਾਲਜਾਂ ਵਿੱਚ ਪ੍ਰਫੁੱਲਤ ਕਰਨ ਵੱਲ ਤਵੱਜੋ ਦੇ ਰਹੀ ਹੈ।

ਹਥਿਆਰਬੰਦ ਸੈਨਾਵਾਂ ਵਿੱਚ ਕਰੀਅਰ ਬਣਾਉਣ ਲਈ ਨੌਜਵਾਨਾਂ ਦੀ ਐਨ.ਸੀ.ਸੀ. ਵਿੱਚ ਰੁਚੀ ਵਧਾਉਣ ਲਈ ਸਰਹੱਦੀ ਸੂਬੇ ਦੇ ਐਨ.ਸੀ.ਸੀ. ਯੂਨਿਟਾਂ ਅਤੇ ਐਨ.ਸੀ.ਸੀ. ਸਿਖਲਾਈ ਕੇਂਦਰਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਨਵੀਆਂ ਸਹੂਲਤਾਂ ਦੀ ਸਿਰਜਣਾ ਲਈ ਸਰਕਾਰ ਨੇ ਜਿੱਥੇ ਹਾਲੀਆ ਬਜਟ ਵਿੱਚ 5 ਕਰੋੜ ਰੁਪਏ ਰੱਖੇ ਹਨ, ਉਥੇ ਭਾਰਤੀ ਫ਼ੌਜ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।

ਇਸ ਉਦੇਸ਼ ਦੀ ਪੂਰਤੀ ਲਈ ਸਿੱਖਿਆ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਭਾਰਤੀ ਫ਼ੌਜ ਦੇ ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ (ਏ.ਵੀ.ਐਸ.ਐਮ, ਵੀ.ਐਸ.ਐਮ.), ਡੀ.ਜੀ,  ਐਨ.ਸੀ.ਸੀ. ਡਾਇਰੈਕਟੋਰੇਟ, ਨਵੀਂ ਦਿੱਲੀ ਅਤੇ ਮੇਜਰ ਜਨਰਲ ਰਾਜੀਵ ਛਿੱਬਰ, ਸੈਨਾ ਮੈਡਲ, ਏ.ਡੀ.ਜੀ,  ਐਨ.ਸੀ.ਸੀ. ਡਾਇਰੈਕਟੋਰੇਟ (ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਛੱਤੀਸਗੜ੍ਹ) ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਐਨ.ਸੀ.ਸੀ. ਭਾਰਤੀ ਹਥਿਆਰਬੰਦ ਫ਼ੌਜਾਂ ਵਿੱਚ ਕਰੀਅਰ ਬਣਾਉਣ ਲਈ ਇਕ ਲਾਂਚਪੈਡ ਹੈ।

ਉਨ੍ਹਾਂ ਫ਼ੌਜ ਦੇ ਅਧਿਕਾਰੀਆਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਐਨ.ਸੀ.ਸੀ. ਯੂਨਿਟਾਂ ਅਤੇ ਸਿਖਲਾਈ ਕੇਂਦਰਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਗੰਭੀਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸੇ ਬਜਟ ਸੈਸ਼ਨ ਵਿੱਚ ਐਨ.ਸੀ.ਸੀ. ਯੂਨਿਟਾਂ ਅਤੇ ਸਿਖਲਾਈ ਕੇਂਦਰਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਨਵੀਆਂ ਸਹੂਲਤਾਂ ਦੀ ਸਿਰਜਣਾ ਲਈ 5 ਕਰੋੜ ਰੁਪਏ ਰਾਖਵੇਂ ਰੱਖੇ ਹਨ। ਮੰਤਰੀ ਨੇ ਫ਼ੌਜ ਦੇ ਅਧਿਕਾਰੀਆਂ ਨਾਲ ਐਨ.ਸੀ.ਸੀ. ਨਾਲ ਸਬੰਧਤ ਕਈ ਤਕਨੀਕੀ ਮੁੱਦੇ ਵੀ ਵਿਚਾਰੇ।

LEAVE A REPLY

Please enter your comment!
Please enter your name here