ਲੁਧਿਆਣਾ , 10 ਜੁਲਾਈ ( ਭਗਵਾਨ, ਲਿਕੇਸ਼ ਸ਼ਰਮਾਂ)-ਬੇਖੌਫ ਚੋਰਾਂ ਨੇ ਬੀਤੀ ਰਾਤ ਰਣਜੀਤ ਨਗਰ ਇਲਾਕੇ ਵਿਚ ਪੈਂਦੇ ਇਕ ਟਰਾਂਸਪੋਰਟਰ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ 20 ਲੱਖ ਰੁਪਏ ਦਾ ਸੋਨਾ ਚੋਰੀ ਕਰ ਲਿਆ । ਚੋਰ ਗਿਰੋਹ ਘਰ ਦੀਆਂ ਕੰਧਾਂ ਟੱਪ ਕੇ ਅੰਦਰ ਦਾਖਲ ਹੋਇਆ ਅਤੇ ਅਲਮਾਰੀਆਂ ਤੋਡ਼ ਕੇ ਵਾਰਦਾਤ ਨੂੰ ਅੰਜਾਮ ਦਿੱਤਾ ।ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਦਿੰਦਿਆਂ ਕਾਰੋਬਾਰੀ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਕੰਮਕਾਜ ਸਬੰਧੀ ਉਹ ਘਰ ਤੋਂ ਬਾਹਰ ਗਿਆ ਹੋਇਆ ਸੀ । ਰਾਤ ਸਾਢੇ 12 ਵਜੇ ਦੇ ਕਰੀਬ ਕੰਵਲਪ੍ਰੀਤ ਘਰ ਪਰਤਿਆ।ਤਕਰੀਬਨ ਇੱਕ ਵਜੇ ਦੇ ਕਰੀਬ ਪੂਰਾ ਪਰਿਵਾਰ ਆਪੋ ਆਪਣੇ ਕਮਰਿਆਂ ਵਿੱਚ ਜਾ ਕੇ ਸੌਂ ਗਿਆ। ਸਵੇਰੇ ਕੰਵਲਪ੍ਰੀਤ ਦੀ ਜਦ ਜਾਗ ਖੁੱਲ੍ਹੀ ਤਾਂ ਉਸ ਦੇ ਹੋਸ਼ ਉੱਡ ਗਏ । ਘਰ ਦੀਆਂ ਅਲਮਾਰੀਆਂ ਟੁੱਟੀਆਂ ਪਈਆਂ ਸਨ ਅਤੇ ਸੋਨਾ ਗਾਇਬ ਸੀ।ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਚੋਰਾਂ ਨੇ ਕਿਸੇ ਹੋਰ ਸਾਮਾਨ ਨੂੰ ਨਹੀਂ ਛੇੜਿਆ ਉਹ ਸਿਰਫ਼ ਸੋਨੇ ਤੇ ਹੱਥ ਸਾਫ ਕਰ ਗਏ । ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਵਿਚ ਜੁਟ ਗਈ ਹੈ ।
