ਲੁਧਿਆਣਾ 1ਮਾਰਚ(ਲਿਕੇਸ ਸ਼ਰਮਾ) ਕੋਵਿਡ 19 ਨੇ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਲਗਪਗ ਪਿਛਲੇ ਦੋ ਸਾਲਾਂ ਤੋਂ ਇਸਦਾ ਪ੍ਰਭਾਵ ਝੱਲ ਰਹੇ ਹਨ। ਇਸ ਦੇ ਨਾਲ ਹੀ ਕੋਵਿਡ-19 ਤੋਂ ਬਚਾਅ ਦਾ ਇੱਕੋ ਇੱਕ ਤਰੀਕਾ ਟੀਕਾਕਰਨ ਹੀ ਹੈ ਜਿਸ ਨਾਲ ਇਸ ਖ਼ਤਰਨਾਕ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਭਾਵੇਂ ਪ੍ਰਸ਼ਾਸਨ, ਸਿਹਤ ਵਿਭਾਗ ਵੱਲੋਂ ਟੀਕਾਕਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਹੁਣ ਸਿੱਖਿਆ ਵਿਭਾਗ ਪੰਜਾਬ ਨੇ ਵੀ ਇਸ ਪ੍ਰਤੀ ਹੋਰ ਗੰਭੀਰਤਾ ਦਿਖਾਈ ਹੈ। ਵਿਭਾਗ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਸਕੂਲਾਂ ‘ਚ ਕੋਵਿਡ-19 ਟੀਕਾਕਰਨ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।ਇਹ ਵੀ ਕਿਹਾ ਜਾ ਸਕਦਾ ਹੈ ਕਿ ਸਕੂਲੀ ਵਿਦਿਆਰਥੀ ਹੁਣ ਕੋਵਿਡ-19 ਟੀਕਾਕਰਨ ਬਾਰੇ ਸਮਾਜ ਨੂੰ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।ਸਿੱਖਿਆ ਵਿਭਾਗ ਨੇ ਕੋਵਿਡ-19 ਟੀਕਾਕਰਨ ਸਬੰਧੀ ਜਾਗਰੂਕਤਾ ਲਈ ਸਕੂਲਾਂ ‘ਚ ਵੱਖ-ਵੱਖ ਗਤੀਵਿਧੀਆਂ ਕਰਵਾਉਣ ਦੀ ਗੱਲ ਕਹੀ ਹੈ। ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਸਬੰਧੀ ਸਕੂਲਾਂ ‘ਚ ਵੱਖ-ਵੱਖ ਸਹਿ-ਪਾਠਕ੍ਰਮ ਗਤੀਵਿਧੀਆਂ ਕਰਵਾ ਕੇ ਸਮਾਜ ਨੂੰ ਜਾਗਰੂਕ ਕੀਤਾ ਜਾਵੇ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਟੀਕਾਕਰਨ ਮੁਹਿੰਮ ਸਬੰਧੀ ਸਮਾਜ ਨੂੰ ਜਾਗਰੂਕ ਕਰਨ ਲਈ ਸਕੂਲੀ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਆਨਲਾਈਨ-ਆਫਲਾਈਨ ਕਲਾਸਾਂ ਦੌਰਾਨ ਵਿਦਿਆਰਥੀਆਂ ਨੂੰ ਟੀਕਾਕਰਨ ਤੇ ਇਸ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਸਕਦਾ ਹੈ। ਵਿਦਿਆਰਥੀ ਖੁਦ ਜਾਗਰੂਕ ਹੋ ਕੇ ਸਮਾਜ ਨੂੰ ਜਾਗਰੂਕ ਕਰਨ ‘ਚ ਅਹਿਮ ਭੂਮਿਕਾ ਨਿਭਾਉਣਗੇ। ਸਿੱਖਿਆ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਇਸ ਸਮੇਂ ਵੀ ਕੋਵਿਡ-19 ਟੀਕਾਕਰਨ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਭੰਬਲਭੂਸਾ ਹੈ, ਜਿਸ ਨੂੰ ਦੂਰ ਕਰਨ ਲਈ ਸਕੂਲਾਂ ਵਿੱਚ ਰੈਲੀਆਂ ਕੀਤੀਆਂ ਜਾਣ ਜਾਂ ਕਿਸੇ ਹੋਰ ਪ੍ਰਚਾਰ ਰਾਹੀਂ ਟੀਕਾਕਰਨ ਸਬੰਧੀ ਸਮਾਜ ਨੂੰ ਜਾਣਕਾਰੀ ਦਿੱਤੀ ਜਾਵੇ।
