ਸਰੀ 1 ਮਾਰਚ(ਬਿਊਰੋ ਡੇਲੀ ਜਗਰਾਉਂ ਨਿਊਜ਼)- ਕਨੇਡਾ ਦੇ ਸਰੀ ਵਿਚ ਇਕ ਕਾਰ ਵਿਚ ਜ਼ਖ਼ਮੀ ਹਾਲਤ ਵਿਚ ਮਿਲੇ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ 7.30 ਵਜੇ 104 ਐਵੇਨਿਊ ਤੇ 143 ਸਟਰੀਟ ਤੇ ਇਕ 31 ਸਾਲਾ ਨੌਜਵਾਨ ਕਾਰ ਵਿਚ ਖੂਨ ਨਾਲ ਲਥਪਥ ਹਾਲਤ ਵਿਚ ਮਿਲਿਆ ਸੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ।ਆਰਸੀਐਮਪੀ ਨੇ ਇਕ ਰੀਲੀਜ਼ ਵਿੱਚ ਕਿਹਾ ਹੈ ਕਿ ਸਰੀ ਆਰਸੀਐਮਪੀ ਦੀ ਜਨਰਲ ਇਨਵੈਸਟੀਗੇਸ਼ਨ ਯੂਨਿਟ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁੱਢਲੇ ਸੰਕੇਤ ਦਸਦੇ ਹਨ ਕਿ ਇਹ ਘਟਨਾ ਆਪਣੇ ਆਪ ਵੱਲੋਂ ਚਲਾਈ ਗੋਲੀ ਦਾ ਨਤੀਜਾ ਹੈ। ਸਰੀ ਆਰਸੀਐਮਪੀ ਦੀ ਮੀਡੀਆ ਰਿਲੇਸ਼ਨਜ਼ ਅਫਸਰ, ਕਾਂਸਟੇਬਲ ਸਰਬਜੀਤ ਕੌਰ ਸੰਘਾ ਨੇ ਮ੍ਰਿਤਕ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਸ ਦੇ ਸਿਨੇਹੀਆਂ ਦੇ ਸਤਿਕਾਰ ਹਿਤ ਪੁਲਿਸ ਵੱਲੋਂ ਇਸ ਘਟਨਾ ਬਾਰੇ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਜਾਵੇਗੀ।
