Home Political ਨੌਕਰੀ ਦੌਰਾਨ ਸਿਖਲਾਈ ਰਾਹੀਂ ਨੌਜਵਾਨਾਂ ਦੇ ਵਿਕਾਸ ਅਤੇ ਉਦਯੋਗ ਲਈ ਤਿਆਰ ਕਰਨ...

ਨੌਕਰੀ ਦੌਰਾਨ ਸਿਖਲਾਈ ਰਾਹੀਂ ਨੌਜਵਾਨਾਂ ਦੇ ਵਿਕਾਸ ਅਤੇ ਉਦਯੋਗ ਲਈ ਤਿਆਰ ਕਰਨ ਵੱਲ ਮਹੱਤਵਪੂਰਨ ਪੁਲਾਂਘ ਹੈ ਅਪ੍ਰੈਂਟਿਸਸ਼ਿਪ: ਦੀਪਤੀ ਉੱਪਲ

63
0

ਚੰਡੀਗੜ੍ਹ, 10 ਅਗਸਤ ( ਰਾਜੇਸ਼ ਜੈਨ, ਭਗਵਾਨ ਭੰਗੂ) –

ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਧੀਨ, ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਨੌਜਵਾਨਾਂ ਨੂੰ ਨਾ ਸਿਰਫ਼ ਥੋੜ੍ਹੀ ਮਿਆਦ ਵਾਲੀ ਸਿਖਲਾਈ ਪ੍ਰਦਾਨ ਕਰ ਰਿਹਾ ਹੈ, ਸਗੋਂ ਭਾਰਤ ਸਰਕਾਰ ਦੀ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰੋਮੋਸ਼ਨ ਸਕੀਮ ਦੀਆਂ ਆਪਸ਼ਨਲ ਟਰੇਡਾਂ ਰਾਹੀਂ ਅਪ੍ਰੈਂਟਿਸਸ਼ਿਪ `ਤੇ ਵੀ ਧਿਆਨ ਕੇਂਦਰਿਤ ਕਰ ਰਿਹਾ ਹੈ। ਇਸ ਪਹਿਲਕਦਮੀ ਨੂੰ ਅੱਗੇ ਵਧਾਉਂਦਿਆਂ ਪੀ.ਐਸ.ਡੀ.ਐਮ. ਵੱਲੋਂ ਹਾਲ ਹੀ ਵਿੱਚ ਉਦਯੋਗਾਂ ਅਤੇ ਉਮੀਦਵਾਰਾਂ ਦੀ ਅਪ੍ਰੈਂਟਿਸਸ਼ਿਪ ਪੋਰਟਲ `ਤੇ ਰਜਿਸਟਰੇਸ਼ਨ ਕਰਵਾਉਣ ਲਈ ਲੁਧਿਆਣਾ ਅਤੇ ਐਸ.ਏ.ਐਸ. ਨਗਰ ਵਿੱਚ ਤਕਨੀਕੀ ਵਰਕਸ਼ਾਪਾਂ ਕਰਵਾਈਆਂ ਗਈਆਂ।

ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਅਪ੍ਰੈਂਟਿਸਸ਼ਿਪ ਐਕਟ ਅਨੁਸਾਰ 30 ਜਾਂ ਇਸ ਤੋਂ ਵੱਧ ਸਟਾਫ਼ (ਰੈਗੂਲਰ ਅਤੇ ਕੰਟਰੈਕਟ ਸਟਾਫ਼) ਵਾਲੀਆਂ ਸਾਰੀਆਂ ਸੰਸਥਾਵਾਂ ਲਈ ਹਰੇਕ ਸਾਲ ਆਪਣੇ ਕਰਮਚਾਰੀਆਂ ਦੇ 2.5 ਫ਼ੀਸਦੀ ਤੋਂ 15 ਫ਼ੀਸਦੀ (ਸਿੱਧੇ ਠੇਕੇ ਵਾਲੇ ਕਰਮਚਾਰੀਆਂ ਸਮੇਤ) ਲਈ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਸ਼ੁਰੂ ਕਰਨਾ ਲਾਜ਼ਮੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਹੜੀਆਂ ਸੰਸਥਾਵਾਂ ਵੱਲੋਂ ਅਪ੍ਰੈਂਟਿਸਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ, ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਨਿਰਧਾਰਤ ਤਨਖਾਹ ਦੇ 25 ਫ਼ੀਸਦੀ ਜਾਂ ਵੱਧ ਤੋਂ ਵੱਧ 1500 ਰੁਪਏ ਪ੍ਰਤੀ ਮਹੀਨਾ ਪ੍ਰਤੀ ਅਪ੍ਰੈਂਟਿਸ ਅਤੇ ਜੋ ਬਿਨਾਂ ਕਿਸੇ ਰਸਮੀ ਸਿਖਲਾਈ ਦੇ ਸਿੱਧੇ ਤੌਰ `ਤੇ ਅਪ੍ਰੈਂਟਿਸਸ਼ਿਪ ਲਈ ਆਉਂਦੇ ਹਨ, ਸਬੰਧੀ ਮੁੱਢਲੀ ਸਿਖਲਾਈ ਲਈ ਇਸ ਦੀ ਲਾਗਤ (7500 ਰੁਪਏ ਦੀ ਸੀਮਾ ਤੱਕ ਵੱਧ ਤੋਂ ਵੱਧ 500 ਘੰਟਿਆਂ ਲਈ=15 ਰੁਪਏ/ਘੰਟੇ ਤੱਕ) ਤੱਕ ਦੀ ਅਦਾਇਗੀ ਕੀਤੀ ਜਾਂਦੀ ਹੈ।

ਸ੍ਰੀਮਤੀ ਉੱਪਲ ਨੇ ਦੱਸਿਆ ਕਿ ਅਪ੍ਰੈਂਟਿਸਸ਼ਿਪ ਪੋਰਟਲ `ਤੇ 3713 ਸੰਸਥਾਵਾਂ ਰਜਿਸਟਰਡ ਹੋ ਚੁੱਕੀਆਂ ਹਨ ਅਤੇ ਵਿਕਲਪਿਕ ਟਰੇਡਾਂ ਅਧੀਨ ਅਪ੍ਰੈਂਟਿਸਾਂ ਅਤੇ ਰੋਜ਼ਗਾਰਦਾਤਾਵਾਂ ਵਿਚਕਾਰ 16802 ਦਰਮਿਆਨ ਕੰਟਰੈਕਟ ਕੀਤੇ ਗਏ ਹਨ। ਪਿਛਲੇ ਦੋ ਮਹੀਨਿਆਂ ਦੌਰਾਨ, ਪੀ.ਐਸ.ਡੀ.ਐਮ. ਨੇ 2818 ਉਮੀਦਵਾਰਾਂ ਨੂੰ ਕੰਟਰੈਕਟ ਦੀ ਸਹੂਲਤ ਅਤੇ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਉਮੀਦਵਾਰ ਨਾਹਰ ਇੰਡਸਟਰੀਜ਼, ਆਈ.ਟੀ.ਸੀ. ਲਿਮੀਟਿਡ, ਮੈਟਰੋ ਟਾਇਰਜ਼ ਲਿਮੀਟਿਡ, ਸਪੋਰਟ ਕਿੰਗ ਇੰਡੀਆ ਲਿਮੀਟਿਡ, ਸਵਰਾਜ ਇੰਜਣ ਲਿਮੀਟਿਡ, ਟ੍ਰਾਈਡੈਂਟ ਲਿਮੀਟਿਡ, ਮਹਿੰਦਰਾ ਐਂਡ ਮਹਿੰਦਰਾ, ਕ੍ਰੀਮਿਕਾ ਫੂਡ ਇੰਡਸਟਰੀਜ਼ ਲਿਮੀਟਿਡ, ਹੀਰੋ ਸਾਈਕਲਜ਼ ਪ੍ਰਾਈਵੇਟ ਲਿਮੀਟਿਡ, ਕੰਪੀਟੈਂਟ ਸਿਨਰਜਿਸ ਪ੍ਰਾਈਵੇਟ ਲਿਮੀਟਿਡ, ਐਵਲਿਨ ਇੰਟਰਨੈਸ਼ਨਲ ਅਤੇ ਰਾਕਮੈਨ ਇੰਡਸਟਰੀਜ਼ ਆਦਿ ਉਦਯੋਗਿਕ ਇਕਾਈਆਂ ਵਿੱਚ ਵੱਖ-ਵੱਖ ਟਰੇਡਾਂ ਜਿਵੇਂ ਕਿ ਰਿੰਗ ਫਰੇਮ ਡੌਫਰ ਅਤੇ ਟੈਂਟਰ, ਆਟੋਮੋਟਿਵ ਅਸੈਂਬਲੀ ਅਪਰੇਟਰ, ਆਟੋਮੋਟਿਵ ਮੈਨਟੇਨੈਂਸ ਟੈਕਨੀਸ਼ੀਅਨ, ਮਸ਼ੀਨ ਸ਼ਾਪ ਸੁਪਰਵਾਈਜ਼ਰ, ਅਸੈਂਬਲੀ ਲਾਈਨ ਸੁਪਰਵਾਈਜ਼ਰ, ਪੈਕਰ, ਰਿਟੇਲ ਟਰੇਨੀ ਐਸੋਸੀਏਟ, ਕਸਟਮਰ ਕੇਅਰ ਐਗਜ਼ੀਕਿਊਟਿਵ ਅਤੇ ਸਿਲਾਈ ਮਸ਼ੀਨ ਅਪਰੇਟਰ ਆਦਿ ਵਿੱਚ ਅਪ੍ਰੈਂਟਿਸਸ਼ਿਪ ਅਧੀਨ ਹਨ। ਇਸ ਪਹਿਲਕਦਮੀ ਨੂੰ ਅੱਗੇ ਵਧਾਉਂਦਿਆਂ ਪੀ.ਐੱਸ.ਡੀ.ਐੱਮ. ਨੇ ਲੁਧਿਆਣਾ ਦੀਆਂ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਨਾਲ ਵੀ ਸਮਝੌਤੇ ਸਹੀਬੱਧ ਕੀਤੇ ਹਨ।

ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਪੀ.ਐੱਸ.ਡੀ.ਐੱਮ. ਵੱਲੋਂ ਜ਼ਿਲ੍ਹਾ ਪੱਧਰ `ਤੇ ਵੀ ਜਾਗਰੂਕਤਾ ਮੁਹਿੰਮਾਂ ਅਤੇ ਇੰਡਸਟਰੀ ਆਊਟਰੀਚ ਪ੍ਰੋਗਰਾਮ ਚਲਾਏ ਜਾ ਰਹੇ ਹਨ। ਉਨ੍ਹਾਂ ਯੋਗ ਉਦਯੋਗਿਕ ਇਕਾਈਆਂ ਨੂੰ ਅਪੀਲ ਕੀਤੀ ਕਿ ਉਹ ਅਪ੍ਰੈਂਟਿਸਸ਼ਿਪ ਵੱਲ ਕਦਮ ਵਧਾਉਣ ਅਤੇ ਆਪਣੀਆਂ ਲੋੜਾਂ ਅਨੁਸਾਰ ਅਪ੍ਰੈਂਟਿਸ ਦੀ ਭਰਤੀ ਕਰਨ ਤਾਂ ਜੋ ਸਟਾਫ਼ ਦੀ ਮੰਗ ਅਤੇ ਪੂਰਤੀ ਦਰਮਿਆਨ ਪਾੜੇ ਨੂੰ ਪੂਰਿਆ ਜਾ ਸਕੇ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਘਰੇਲੂ ਅਤੇ ਵਿਸ਼ਵ ਪੱਧਰ `ਤੇ ਰੋਜ਼ਗਾਰ ਦੇ ਮੌਕੇ ਹਾਸਲ ਕਰਨ ਦੇ ਯੋਗ ਬਣਾਇਆ ਜਾ ਸਕੇ। ਉਨ੍ਹਾਂ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰੋਗਰਾਮ ਪ੍ਰਬੰਧਨ ਯੂਨਿਟਾਂ ਅਤੇ ਜ਼ਿਲ੍ਹਾ ਰੋਜ਼ਗਾਰ ਉੱਦਮ ਬਿਉਰੋ ਰਾਹੀਂ ਰੋਜ਼ਗਾਰ ਉਤਪਤੀ ਅਤੇ ਉਦਯੋਗਿਕ ਸਿਖਲਾਈ ਵਿਭਾਗ ਜ਼ਿਲ੍ਹਾ ਪੱਧਰ `ਤੇ ਉਮੀਦਵਾਰਾਂ ਦੀ ਲਾਮਬੰਦੀ ਦੀ ਸਹੂਲਤ ਲਈ ਵਚਨਬੱਧ ਹੈ।

LEAVE A REPLY

Please enter your comment!
Please enter your name here