ਚੰਡੀਗੜ੍ਹ, 2 ਸਤੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਤਰਨਤਾਰਨ ਦੇ ਪੱਟੀ ਨੇੜੇ ਯੀਸ਼ੂ ਮਸੀਹ ਦੇ ਬੁੱਤ ਦੀ ਭੰਨ ਤੋੜ ਕੀਤੇ ਜਾਣ ਤੋਂ ਰੌਅ ਵਿੱਚ ਆਇਆ ਮਸੀਹੀ ਸਮਾਜ, ਮਸੀਹੀਆਂ ਤੇ ਗਿਰਜਿਆਂ ਦੀ ਸੁਰੱਖਿਆ ਲਈ ਹਾਈਕੋਰਟ ਪੁੱਜ ਗਿਆ ਹੈ। ਇੱਕ ਪਟੀਸ਼ਨ ਵਿੱਚ ਨੈਸ਼ਨਲ ਕਿ੍ਸ਼ਚੀਅਨ ਲੀਗ ਨੇ ਕਿਹਾ ਹੈ ਕਿ ਤਰਨਤਾਰਨ ਜਿਲ੍ਹੇ ਵਿੱਚ 30 ਤੇ 31 ਅਗਸਤ ਨੂੰ ਯੀਸੂ ਮਸੀਹ ਦੇ ਬੁੱਤਾਂ ਦੀ ਭੰਨ ਤੋੜ ਤੇ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਇਸ ਵਿੱਚ ਕਿਹਾ ਹੈ ਕਿ ਇਸ ਸਬੰਧੀ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਮੀਡੀਆ ਸਾਹਮਣੇ ਆਏ ਹਨ ਤੇ ਇਹ ਮੰਨਿਆ ਹੈ ਕਿ ਉਕਤ ਹਾਲਾਤ ਖਤਰੇ ਦੀ ਘੰਟੀ ਹੈ।ਲੀਗ ਦੇ ਪ੍ਰਧਾਨ ਜਗਦੀਸ਼ ਮਸੀਹ ਤੇ ਚੰਡੀਗੜ੍ਹ ਦੇ ਸੁਖਜਿੰਦਰ ਗਿੱਲ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਨਿਆਂ ਤੇ ਭਲਾਈ ਦੇ ਮੱਦੇਨਜ਼ਰ ਪੰਜਾਬ ਵਿੱਚ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਢੁੱਕਵੀਂ ਹਦਾਇਤਾਂ ਕੀਤੀਆਂ ਜਾਣ।ਪਟੀਸ਼ਨ ਰਾਹੀਂ ਮਸੀਹੀ ਭਾਈਚਾਰੇ ਦੀ ਉਕਤ ਸੰਸਥਾ ਨੇ ਮੰਗ ਕੀਤੀ ਹੈ ਕਿ ਸੂਬੇ ਦੇ ਸਾਰੇ ਗਿਰਜਾ ਘਰਾਂ ਤੇ ਗਿਰਜਿਆਂ ਦੇ ਯੀਸੂ ਮਸੀਹ ਦੇ ਧਾਰਮਿਕ ਬੁੱਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਹੱਥੋਂ ਬਾਹਰ ਹੋ ਰਹੀ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਘੱਟ ਗਿਣਤੀ ਮਸੀਹੀ ਭਾਈਚਾਰੇ ਨੂੰ ਬਚਾਇਆ ਜਾਵੇ। ਇਹ ਪਟੀਸ਼ਨ ਅਜੇ ਰਜਿਸਟਰੀ ਵਿੱਚ ਦਾਖ਼ਲ ਹੋਈ ਹੈ ਤੇ ਪਾਸ ਹੋਣ ਮਗਰੋਂ ਸੁਣਵਾਈ ਹਿੱਤ ਆਉਣ ਦੀ ਸੰਭਾਵਨਾ ਹੈ।ਜ਼ਿਕਰਯੋਗ ਹੈ ਕਿ ਤਰਨਤਾਰਨ ਵਿਖੇ ਚਰਚ ਵਿੱਚ ਅਣਪਛਾਤੇ ਵਿਅਕਤੀਆਂ ਨੇ ਭੰਨਤੋੜ ਕਰਦੇ ਹੋਏ ਕਾਰ ਨੂੰ ਅੱਗ ਲਗਾ ਦਿੱਤੀ ਸੀ, ਜਿਸ ਕਾਰਨ ਮਸੀਹੀ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਮਾਮਲਾ ਉਦੋਂ ਹੋਰ ਭਖ ਗਿਆ ਸੀ ਜਦੋਂ ਧਰਮ ਪਰਿਵਰਤਨ ਮਾਮਲੇ ਨੂੰ ਲੈ ਕੇ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਨੂੰ ਇਸ ਮਾਮਲੇ ਵਿੱਚ ਕਾਰਵਾਈ ਲਈ ਕਿਹਾ ਸੀ। ਉਧਰ, ਪੰਜਾਬ ਕ੍ਰਿਸ਼ਚਨ ਭਾਈਚਾਰੇ ਦੇ ਹਾਮਿਦ ਮਸੀਹ ਨੇ ਇਸ ਮਾਮਲੇ ਤੇ ਵਿਵਾਦਤ ਬਿਆਨ ਦਿੱਤਾ ਸੀ, ਜਦੋਂ ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਕਾਰਵਾਈ ਲਈ ਜ਼ਿੰਮੇਵਾਰ ਦੱਸਿਆ ਸੀ ਅਤੇ ਉਨ੍ਹਾਂ ਦੀ ਸ਼ਹਿ ਤੇ ਇਹ ਕੰਮ ਕੀਤੇ ਗਏ ਦੱਸੇ ਸਨ।
