–ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਪਰੇਆਂ ਕਰਨ ‘ਤੇ ਚਿੱਟੀ ਮੱਖੀ ਹੋਈ ਖਤਮ, ਫ਼ਸਲ ਪਹਿਲਾਂ ਨਾਲੋਂ ਬਣੀ ਭਰਵੀਂ-ਕਿਸਾਨ ਦਰਸ਼ਨ ਸਿੰਘ
–ਮੁੱਖ ਖੇਤੀਬਾੜੀ ਅਫ਼ਸਰ ਨੇ ਬੇਲੋੜੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਦੀ ਦਿੱਤੀ ਸਲਾਹ
ਮੋਗਾ 16 ਸਤੰਬਰ: ( ਕੁਲਵਿੰਦਰ ਸਿੰਘ) –
ਮੁੱਖ ਖੇਤੀਬਾੜੀ ਅਫਸਰ, ਮੋਗਾ ਡਾ. ਮਨਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਪੈਸਟ ਸਰਵੇਲੈਂਸ ਟੀਮ ਵੱਲੋਂ ਪਿੰਡ ਘੱਲ ਕਲਾਂ ਵਿਖੇ ਕਿਸਾਨ ਦਰਸ਼ਨ ਸਿੰਘ ਸਪੁੱਤਰ ਧਰਮ ਸਿੰਘ ਦੇ ਨਰਮੇ ਦੇ ਖੇਤਾਂ ਦਾ ਨਿਰੀਖਣ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਨਿਰੀਖਣ ਦੌਰਾਨ ਸਾਹਮਣੇ ਆਇਆ ਕਿ ਨਰਮੇ ਦੀ ਫ਼ਸਲ ਬਹੁਤ ਵਧੀਆ ਹਾਲਤ ਵਿੱਚ ਹੈ ਅਤੇ ਇਸ ਫ਼ਸਲ ਤੇ ਕੋਈ ਵੀ ਬਿਮਾਰੀ ਜਾਂ ਕੀੜੇ ਮਕੌੜੇ ਦਾ ਹਮਲਾ ਵੇਖਣ ਵਿਚ ਨਹੀਂ ਆਇਆ। ਫ਼ਸਲ ਦੀ ਹਾਲਤ ਤੋਂ ਇਸ ਦੇ ਭਰਪੂਰ ਝਾੜ ਦੀ ਆਸ ਹੈ ਜਿਸ ਨਾਲ ਭਵਿੱਖ ਵਿਚ ਕਿਸਾਨ ਨਰਮੇ ਦੀ ਫ਼ਸਲ ਨੂੰ ਬੀਜਣ ਲਈ ਆਸਵੰਦ ਹੋਣਗੇ।
ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਉਸਦੀ ਫ਼ਸਲ ਤੇ ਚਿੱਟੀ ਮੱਖੀ ਦਾ ਹਮਲਾ ਹੋ ਗਿਆ ਸੀ। ਇਹ ਹਮਲਾ ਪਹਿਲੀ ਸਟੇਜ਼ ਦਾ ਸੀ ਭਾਵ ਹਾਲੇ ਸ਼ੁਰੂਆਤ ਹੋਈ ਸੀ। ਦਰਸ਼ਨ ਸਿੰਘ ਨੇ ਕਿਹਾ ਕਿ ਚਿੱਟੀ ਮੱਖੀ ਦੇ ਹਮਲੇ ਦੀ ਸ਼ੁਰੂਆਤ ਵਿੱਚ ਹੀ ਉਸਨੇ ਖੇਤੀ ਮਾਹਿਰਾਂ ਨਾਲ ਰਾਬਤਾ ਕਾਇਮ ਕੀਤਾ। ਖੇਤੀ ਮਾਹਿਰਾਂ ਵੱਲੋਂ ਸਮੇਂ ਸਮੇਂ ‘ਤੇ ਉਸ ਦੇ ਖੇਤਾਂ ਦਾ ਨਿਰੀਖਣ ਕੀਤਾ ਗਿਆ ਅਤੇ ਖੇਤੀ ਮਾਹਿਰਾਂ ਦੀ ਰਾਇ ਨਾਲ ਹੀ ਕੀਟਨਾਸ਼ਕਾਂ ਦੀਆਂ ਸਪਰੇਆਂ ਆਦਿ ਕਰਨ ਉਪਰੰਤ ਚਿੱਟੀ ਮੱਖੀ ਤੇ ਕਾਬੂ ਪਾਇਆ ਗਿਆ। ਹੁਣ ਪੋਟਾਸ਼ੀਅਮ ਨਾਈਟ੍ਰੇਟ ਦੀਆਂ ਹਫ਼ਤੇ ਹਫ਼ਤੇ ਦੀ ਵਿੱਥ ‘ਤੇ ਸਪਰੇਆਂ ਕੀਤੀਆਂ ਗਈਆਂ ਸਨ ਜਿਸ ਨਾਲ ਫ਼ਸਲ ਬਹੁਤ ਹੀ ਭਰਵੀਂ ਹੋ ਗਈ ਹੈ ਅਤੇ ਇਹ ਚਿੱਟੀ ਮੱਖੀ ਤੋਂ ਰਹਿਤ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲਗਾਤਾਰ ਵਿਭਾਗ ਦੇ ਸੰਪਰਕ ਵਿਚ ਰਹਿਣ ਅਤੇ ਕੋਈ ਵੀ ਕੀਟਨਾਸ਼ਕ ਦਾ ਖੇਤੀ ਮਾਹਿਰਾਂ ਦੀ ਰਾਇ ਤੋਂ ਬਗੈਰ ਸਪਰੇ ਨਾ ਕਰਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਦੀ ਮੱਦਦ ਲਈ ਹਮੇਸ਼ਾ ਤਤਪਰ ਹੈ।
ਸਹਾਇਕ ਪੌਦਾ ਸੁਰੱਖਿਆ ਅਫ਼ਸਰ ਮੋਗਾ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਵਾਰ ਨਰਮੇ ਦੀ ਫ਼ਸਲ ਦੇ ਚੰਗੇ ਭਾਅ ਅਤੇ ਚੰਗੇ ਝਾੜ ਕਾਰਨ ਕਿਸਾਨਾਂ ਦੀ ਆਮਦਨ ਵੱਧਣ ਦੇ ਅਸਾਰ ਹਨ। ਇਸ ਸਮੇਂ ਖੇਤੀਬਾੜੀ ਵਿਕਾਸ ਅਫ਼ਸਰ (ਇਨਫੋਰਸਮੈਂਟ) ਡਾ. ਬਲਜਿੰਦਰ ਸਿੰਘ ਅਤੇ ਖੇਤੀਬਾੜੀ ਵਿਕਾਸ ਅਫ਼ਸਰ (ਪੀ.ਪੀ.) ਮੋਗਾ ਡਾ. ਰੁਕਿੰਦਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ।