Home Political ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਬੱਸ...

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਬੱਸ ਸਟੈਂਡਾਂ ਤੇ ਡਿਪੂ ਦਾ ਅਚਨਚੇਤ ਦੌਰਾ

69
0

ਅਧਿਕਾਰੀਆਂ ਨੂੰ ਅੰਮ੍ਰਿਤਸਰ ਤੋਂ ਸ੍ਰੀ ਅਨੰਦਪੁਰ ਸਾਹਿਬ ਰੂਟ ‘ਤੇ ਭਲਕ ਤੋਂ ਬੱਸਾਂ ਚਲਾਉਣ ਦੀ ਸਖ਼ਤ ਹਦਾਇਤ

ਕਿਹਾ, ਦੋਵੇਂ ਸਿੱਖੀ ਦੇ ਕੇਂਦਰਾਂ ਨੂੰ ਆਪਸ ‘ਚ ਜੋੜਦੇ ਰੂਟ ‘ਤੇ ਸਰਕਾਰੀ ਬੱਸ ਸਰਵਿਸ ਨਿਰੰਤਰ ਚਲਾਉਣਾ ਯਕੀਨੀ ਬਣਾਉਣ ਅਧਿਕਾਰੀ

ਬੱਸ ਸਟੈਂਡਾਂ ‘ਤੇ ਯਾਤਰੀਆਂ ਅਤੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਸੁਣੀਆਂ, ਸਫ਼ਾਈ ਪ੍ਰਬੰਧਾਂ ਦਾ ਲਿਆ ਜਾਇਜ਼ਾ

ਨੰਗਲ ਬੱਸ ਡਿਪੂ ਵਿਖੇ ਬੱਸ ਵਾਸ਼ਿੰਗ ਡੱਗ ਪੱਕਾ ਕਰਨ ਦਾ ਭਰੋਸਾ

ਨੰਗਲ ਡਿਪੂ ਦੇ ਜਨਰਲ ਮੈਨੇਜਰ ਨੂੰ ਖੜ੍ਹੀਆਂ ਬੱਸਾਂ ਦੀ ਤੁਰੰਤ ਪਾਸਿੰਗ ਕਰਵਾ ਕੇ ਚਲਾਉਣ ਦੇ ਹੁਕਮ

ਅਗਲੇ ਦਿਨਾਂ ਦੌਰਾਨ ਸੂਬੇ ਭਰ ਵਿੱਚ ਦੌਰਾ ਕਰਨਗੇ ਟਰਾਂਸਪੋਰਟ ਮੰਤਰੀ

ਚੰਡੀਗੜ੍ਹ, 9 ਅਕਤੂਬਰ: ( ਭਗਵਾਨ ਭੰਗੂ, ਲਿਕੇਸ਼) –

ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਸ਼ਹਿਰ ਦੇ ਬੱਸ ਸਟੈਂਡਾਂ ਦਾ ਅਚਨਚੇਤ ਦੌਰਾ ਕਰਕੇ ਬੰਦ ਪਏ ਰੂਟਾਂ ‘ਤੇ ਬੱਸ ਸਰਵਿਸ ਸ਼ੁਰੂ ਕਰਾਉਣ ਦੇ ਨਾਲ-ਨਾਲ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। 

ਦੁਪਹਿਰ ਵੇਲੇ ਸ੍ਰੀ ਅਨੰਦਪੁਰ ਸਾਹਿਬ ਦੇ ਬੱਸ ਸਟੈਂਡ ਵਿਖੇ ਅਚਨਚੇਤ ਪਹੁੰਚੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਡਿਪੂ ਅਧਿਕਾਰੀਆਂ ਨੂੰ ਮੌਕੇ ‘ਤੇ ਬੁਲਾ ਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਵਿਚਾਲੇ ਸਰਕਾਰੀ ਬੱਸਾਂ ਨਾ ਚਲਾਉਣ ਦਾ ਕਾਰਨ ਜਾਣਿਆ ਅਤੇ ਭਲਕੇ 10 ਅਕਤੂਬਰ ਤੋਂ ਸਿੱਖੀ ਦੇ ਦੋਵੇਂ ਕੇਂਦਰਾਂ ਵਿਚਾਲੇ ਨਿਰੰਤਰ ਬੱਸ ਸਰਵਿਸ ਸ਼ੁਰੂ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਜਨਰਲ ਮੈਨੇਜਰ ਦਫ਼ਤਰ ਵਿਖੇ ਇਸ ਰੂਟ ‘ਤੇ ਬੱਸਾਂ ਨਾ ਚਲਾਉਣ ਸਬੰਧੀ ਵੇਰਵੇ ਘੋਖਦਿਆਂ ਜਨਰਲ ਮੈਨੇਜਰ ਪਰਮਵੀਰ ਸਿੰਘ ਨੂੰ ਫ਼ੋਨ ‘ਤੇ ਨਿਰਦੇਸ਼ ਦਿੱਤੇ ਕਿ ਇਸ ਰੂਟ ‘ਤੇ ਬੱਸਾਂ ਨਾ ਚੱਲਣ ਕਾਰਨ ਲੋਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ, ਇਸ ਲਈ ਭਵਿੱਖ ਵਿੱਚ ਇਹ ਯਕੀਨੀ ਬਣਾਇਆ ਜਾਵੇ ਕਿ ਅਹਿਮੀਅਤ ਵਾਲੇ ਅਜਿਹੇ ਬੱਸ ਰੂਟਾਂ ‘ਤੇ ਸਰਕਾਰੀ ਬੱਸਾਂ ਚਲਾਉਣਾ ਯਕੀਨੀ ਬਣਾਇਆ ਜਾਵੇ।

ਟਰਾਂਸਪੋਰਟ ਮੰਤਰੀ ਨੇ ਬੱਸ ਸਟੈਂਡ ਵਿੱਚ ਸਾਫ਼-ਸਫ਼ਾਈ, ਬੱਸ ਸਟੈਂਡ ‘ਚ ਮੌਜੂਦ ਦੁਕਾਨਾਂ ਅਤੇ ਪਖ਼ਾਨਿਆਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਜਨਰਲ ਮੈਨੇਜਰ ਨੂੰ ਆਦੇਸ਼ ਦਿੱਤੇ ਕਿ ਬੱਸ ਸਟੈਂਡ ਦੀ ਸਾਫ਼-ਸਫ਼ਾਈ ਵੱਲ ਹੋਰ ਧਿਆਨ ਦਿੱਤਾ ਜਾਵੇ।

ਇਸ ਤੋਂ ਇਲਾਵਾ ਸ. ਲਾਲਜੀਤ ਸਿੰਘ ਭੁੱਲਰ ਨੇ ਸਵਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਰਕਾਰੀ ਬੱਸ ਤੰਤਰ ਨੂੰ ਆਲ੍ਹਾ ਦਰਜੇ ਦਾ ਬਣਾਉਣ ਵੱਲ ਉਚੇਚਾ ਧਿਆਨ ਦੇ ਰਹੇ ਹਨ।

ਸ੍ਰੀ ਅਨੰਦਪੁਰ ਸਾਹਿਬ ਦੀ ਆਪਣੀ ਫੇਰੀ ਦੌਰਾਨ ਟਰਾਂਸਪੋਰਟ ਮੰਤਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧਕਾਂ ਵਲੋਂ ਸਿਰੋਪਾਉ ਦੇ ਕੇ ਨਿਵਾਜਿਆ ਗਿਆ।

ਇਸ ਉਪਰੰਤ ਨੰਗਲ ਸ਼ਹਿਰ ਵਿਖੇ ਬੱਸ ਸਟੈਂਡ ਅਤੇ ਬੱਸ ਡਿਪੂ ਦਾ ਦੌਰਾ ਕਰਦਿਆਂ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਡਿਪੂ ਦੀ ਆਮਦਨ ਘਟਣ ਅਤੇ ਬੱਸਾਂ ਖੜ੍ਹੀਆਂ ਹੋਣ ਸਬੰਧੀ ਵੇਰਵੇ ਘੋਖੇ। ਉਨ੍ਹਾਂ ਨੂੰ ਦੱਸਿਆ ਗਿਆ ਕਿ ਊਨਾ ਹਾਈਵੇਅ ‘ਤੇ ਰੇਲਵੇ ਕਰਾਸਿੰਗ ਉਪਰ ਪੁਲ ਬਣਨ ਕਾਰਨ ਕਈ ਰੂਟ ਬੰਦ ਹਨ ਅਤੇ ਕਰੀਬ 18 ਬੱਸਾਂ ਨੂੰ ਹੁਸ਼ਿਆਰਪੁਰ ਅਤੇ ਲੁਧਿਆਣਾ ਤਬਦੀਲ ਕੀਤਾ ਗਿਆ ਹੈ ਜਿਸ ਕਾਰਨ ਆਮਦਨ ਘਟੀ ਹੈ। ਡਿਪੂ ਵਿੱਚ ਖੜ੍ਹੀਆਂ ਬੱਸਾਂ ਸਬੰਧੀ ਕੈਬਨਿਟ ਮੰਤਰੀ ਨੇ ਜਨਰਲ ਮੈਨੇਜਰ ਗੁਰਸੇਵਕ ਸਿੰਘ ਰਾਜਪਾਲ ਨੂੰ ਨਿਰਦੇਸ਼ ਦਿੱਤੇ ਕਿ ਬੱਸਾਂ ਦੀ ਪਾਸਿੰਗ ਕਰਵਾ ਕੇ ਤੁਰੰਤ ਇਨ੍ਹਾਂ ਨੂੰ ਚਲਾਇਆ ਜਾਵੇ ਤਾਂ ਜੋ ਡਿਪੂ ਦੀ ਆਮਦਨ ਦਾ ਘਾਟਾ ਪੂਰਾ ਕੀਤਾ ਜਾ ਸਕੇ। ਉਨ੍ਹਾਂ ਜਨਰਲ ਮੈਨੇਜਰ ਨੂੰ ਹਦਾਇਤ ਕੀਤੀ ਕਿ ਡਿਪੂ ਵਿੱਚ ਸਪੇਅਰ ਪਾਰਟਸ ਦੀ ਕਮੀ ਵੀ ਪੂਰੀ ਕੀਤੀ ਜਾਵੇ।

ਡਿਪੂ ਮੁਲਾਜ਼ਮਾਂ ਦੀ ਮੰਗ ‘ਤੇ ਟਰਾਂਸਪੋਰਟ ਮੰਤਰੀ ਨੇ ਭਰੋਸਾ ਦਿਵਾਇਆ ਕਿ ਛੇਤੀ ਹੀ ਬੱਸ ਵਾਸ਼ਿੰਗ ਡੱਗ ਨੂੰ ਪੱਕਾ ਕੀਤਾ ਜਾਵੇਗਾ।

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਹ ਅਗਲੇ ਦਿਨਾਂ ਦੌਰਾਨ ਸੂਬੇ ਭਰ ਵਿੱਚ ਦੌਰਾ ਕਰਨਗੇ ਅਤੇ ਜਨਤਕ ਬੱਸ ਸੇਵਾ ਨੂੰ ਲੋਕਾਂ ਦੀਆਂ ਇੱਛਾਵਾਂ ‘ਤੇ ਖਰਾ ਉਤਾਰਨ ਲਈ ਹਰ ਯਤਨ ਕਰਨਗੇ।     

LEAVE A REPLY

Please enter your comment!
Please enter your name here