Home Uncategorized ਵਾਰਿਸ ਸ਼ਾਹ ਨੇ ਰੀਤ ਤੋਂ ਵੱਧ ਪ੍ਰੀਤ ਨੂੰ ਕਿੱਸਾ ਹੀਰ ਰਾਂਝਾ ਵਿੱਚ...

ਵਾਰਿਸ ਸ਼ਾਹ ਨੇ ਰੀਤ ਤੋਂ ਵੱਧ ਪ੍ਰੀਤ ਨੂੰ ਕਿੱਸਾ ਹੀਰ ਰਾਂਝਾ ਵਿੱਚ ਨਿਭਾਇਆ- ਡਾ ਸੁਰਜੀਤ ਪਾਤਰ

62
0

ਲੁਧਿਆਣਾ 16 ਅਕਤੂਬਰ ( ਸਤੀਸ਼ ਕੋਹਲੀ, ਜੱਸੀ ਢਿੱਲੋਂ) -ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ  ਮਹਾਨ ਕਿੱਸਾ ਕਵੀ ਸੱਯਦ ਵਾਰਿਸ ਸ਼ਾਹ ਦੇ 300ਵੇਂ ਜਨਮ ਉਤਸਵ ਨੂੰ ਸਮਰਪਿਤ  ਵਾਰਿਸ ਸ਼ਾਹ ਯਾਦਗਾਰੀ ਭਾਸ਼ਨ ਦੇਂਦਿਆਂ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਸ਼੍ਰੀ ਡਾਃ ਸੁਰਜੀਤ ਪਾਤਰ ਨੇ ਬੀਤੀ ਦੁਪਹਿਰ ਪੰਜਾਬੀ ਭਵਨ ਵਿਖੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਵਾਰਿਸ ਸ਼ਾਹ ਨੇ ਆਪਣੇ ਲਿਖੇ ਕਿੱਸਾ ਹੀਰ ਰਾਂਝਾ ਵਿੱਚ ਰੀਤ ਨਾਲੋਂ ਵੱਧ ਪ੍ਰੀਤ ਨਿਭਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਰੀਤ ਸਥੂਲ ਹੁੰਦੀ ਹੈ ਪਰ ਪ੍ਰੀਤ ਤਰਲ ਸਰੂਪ ਹੈ ਅਤੇ ਸੁਹਿਰਦ ਪ੍ਰੀਤ ਹੀ ਕਾਵਿ ਸਿਰਜਣਾ ਦਾ ਮੂਲ ਧਨ ਹੈ।
ਡਾ ਪਾਤਰ ਨੇ ਕਿਹਾ ਕਿ ਵਾਰਿਸ ਸ਼ਾਹ ਨੇ ਆਪਣੀ ਲਿਖਤ ਵਿੱਚ ਭਾਸ਼ਾ ਸ਼ੈਲੀਆਂ ਵੀ ਸੰਭਾਲੀਆਂ ਅਤੇ ਫ਼ਲਸਫ਼ੇ ਦਾ ਪ੍ਰਕਾਸ਼ ਵੀ ਕੀਤਾ। ਉਸ ਵਕਤ ਦੇ ਮਰਦ ਪ੍ਰਧਾਨ ਪੰਜਾਬੀ ਸਭਿਆਚਾਰ,ਪਲੀਤ ਧਾਰਮਿਕ ਬਿਰਤੀ, ਉਲਾਰ ਵਿਚਾਰਧਾਰਾ ਅਤੇ ਸਮਾਜਿਕ ਵਰਤੋਂ ਵਿਹਾਰ ਦੀਆਂ ਨਿੰਦਣ ਯੋਗ ਰਹੁ ਰੀਤਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ।
ਹੀਰ ਰਾਂਝਾ ਕਿੱਸੇ ਚੋਂ ਪਿੱਤਰੀ ਸੱਤਾ ਦੇ ਵਿਰੋਧ  ਵਿੱਚ ਵਾਰਿਸ ਸ਼ਾਹ ਨਾ ਮੁੜਾਂਗੀ ਰਾਂਝਣੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ ਬਹੁਤ ਹੀ ਮਹੱਤਵਪੂਰਨ ਬਿਰਤਾਂਤ ਹੈ।
ਡਾਃ ਪਾਤਰ ਨੇ ਕਿਹਾ ਕਿ ਜਦ 1986 ਵੇਲੇ ਪੰਜਾਬ ਬੇਚੈਨ ਸੀ, ਹਥਿਆਰ ਦਨਦਨਾਉਂਦੇ ਫਿਰ ਰਹੇ ਸਨ, ਹਿੰਦੂ ਪੰਜਾਬ ਤੋਂ ਹਿਜਰਤ ਕਰਕੇ ਹੋਰ ਸੂਬਿਆਂ ਵਿੱਚ ਜਾ ਰਹੇ ਸਨ ਤਾਂ ਪੰਜਾਬੀ ਭਵਨ ਦੇ ਵਿਹੜੇ ਇਪਟਾ ਦੀ ਕਾਨਫਰੰਸ ਮੌਕੇ ਅਮਰਜੀਤ ਗੁਰਦਾਸਪੁਰੀ ਬਾਬੇ ਵਾਰਿਸ ਦੇ ਬੋਲ ਗਾ ਰਿਹਾ ਸੀ।
ਵੀਰਾ ਅੰਮੜੀ ਜਾਇਆ ਜਾਹ ਨਾਹੀਂ,
ਸਾਨੂੰ ਨਾਲ ਫਿਰਾਕ ਦੇ ਮਾਰ ਨਾਹੀਂ। ਉਨ੍ਹਾਂ ਕਿਹਾ ਕਿ ਵਾਰਿਸ ਦੀ ਹੀਰ ਹੁਣ ਗਾਇਨ ਸ਼ੈਲੀ ਵੀ ਹੈ ਅਤੇ ਪੰਜਾਬੀ ਧੁਨ ਦੇ ਰੂਪ ਵਿੱਚ ਵੀ ਲੋਕ ਪ੍ਰਵਾਨਗੀ ਹਾਸਲ ਕਰ ਚੁਕੀ ਹੈ। ਡਾਃ ਪਾਤਰ ਨੇ ਕਿਹਾ ਕਿ ਦੇਸ਼ ਦੀ ਵੰਡ ਵੇਲੇ ਵੀ ਅੰਮ੍ਰਿਤਾ ਪ੍ਰੀਤਮ ਨੇ ਵਾਰਿਸ਼ ਸ਼ਾਹ ਨੂੰ ਹੀ ਕਬਰਾਂ ਚੋਂ ਉੱਠ ਕੇ ਬੋਲਣ ਲਈ ਕਿਹਾ ਸੀ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਸ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਆਏ ਮਹਿਮਾਨ ਲੇਖਕਾਂ ਦਾ ਸੁਆਗਤ ਕੀਤਾ ਤੇ ਡਾ ਸੁਰਜੀਤ ਪਾਤਰ ਦਾ ਵਾਰਿਸ ਤ੍ਰੈਸ਼ਤਾਬਦੀ ਭਾਸ਼ਨ ਲਈ ਧੰਨਵਾਦ ਕੀਤਾ।
ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਵਾਰਿਸ ਸ਼ਾਹ ਤ੍ਰੈਸ਼ਤਾਬਦੀ ਸਮਾਗਮਾਂ ਦੀ ਲੜੀ ਵਿੱਚ ਕੁਝ ਹੋਰ ਮਹੱਤਵ ਪੂਰਨ ਵਿਦਵਾਨਾਂ ਦੇ ਵਿਸ਼ੇਸ਼ ਭਾਸ਼ਨ ਪੰਜਾਬ ਦੇ ਵੱਖ ਵੱਖ ਖਿੱਤਿਆਂ ਚ ਕਰਵਾਏ ਜਾਣਗੇ।
ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਤ੍ਰੈਸ਼ਤਾਬਦੀ ਸਾਲ ਵਿੱਚ ਹੀਰ ਦੀਆਂ ਵੰਨ ਸੁਵੰਨੀਆਂ ਗਾਇਨ ਸ਼ੈਲੀਆਂ ਨੂੰ ਵੀ ਰੀਕਾਰਡ ਕਰਨਾ ਚਾਹੀਦਾ ਹੈ। ਪੰਜਾਬੀ ਸਾਹਿੱਤ ਅਕਾਡਮੀ ਨੂੰ ਵੀ ਅਪੀਲ ਕੀਤੀ ਕਿ ਹੀਰ  ਵਾਰਿਸ਼ਾਹ ਦਾ ਡੀ ਲਕਸ ਐਡੀਸ਼ਨ ਇਸ ਸਾਲ ਵਿੱਚ ਪ੍ਰਕਾਸ਼ਿਤ ਕੀਤਾ ਜਾਵੇ ਤਾਂ ਜੋ ਨਵੇਂ ਪੋਚ ਦੇ ਪਾਠਕਾਂ ਤੀਕ ਸਹੀ ਟੈਕਸਟ ਪਹੁੰਚ ਸਕੇ।
ਸਮਾਗਮ ਦੀ ਪ੍ਰਧਾਨਗੀ ਕਰਦੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਸਾਬਕਾ ਚਾਂਸਲਰ ਡਾਃ ਸ ਸ ਜੌਹਲ ਨੇ ਕਿਹਾ ਕਿ ਪੰਜਾਬ ਦੀਆਂ ਸੱਭਿਆਚਾਰਕ ਮਰਜ਼ਾਂ ਸਮਝਣ ਤੇ ਵਿਚਾਰਨ ਦੀ ਸਖ਼ਤ ਲੋੜ ਹੈ। ਜਿਸ ਅੰਦਾਜ਼ ਨਾਲ ਸੰਗੀਤ ਦੇ ਨਾਮ ਤੇ ਜ਼ਹਿਰੀਲੇ ਗੀਤ ਪਰੋਸੇ ਜਾ ਰਹੇ ਹਨ  ਉਸ ਨਾਲ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪੈਣ ਤੋਂ ਵਰਜਿਆ ਨਹੀਂ ਜਾ ਸਕਦਾ। ਇਸ ਮੌਕੇ ਡਾਃ ਹਰਿਭਜਨ ਸਿੰਘ ਭਾਟੀਆ, ਕੇ ਐੱਲ ਗਰਗ, ਮਾਸਟਰ ਤਰਲੋਚਨ ਸਿੰਘ ਸਮਰਾਲਾ, ਸੁਖਜੀਤ, ਡਾ ਨਿਰਮਲ ਸਿੰਘ ਜੌੜਾ, ਸੁਰਿੰਦਰ ਸਿੰਘ ਸੁੱਨੜ, ਦਲਜੀਤ ਸ਼ਾਹੀ, ਡਾਃ ਪਰਮਿੰਦਰ ਸਿੰਘ ਬੈਨੀਪਾਲ,ਸੁਰਿੰਦਰ ਰਾਮਪੁਰੀ, ਬਲਦੇਵ ਸਿੰਘ ਝੱਜ, ਤਰਨ ਸਿੰਘ ਬੱਲ, ਰਾਮ ਸਰੂਪ ਰਿਖੀ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਕੇ ਸਾਧੂ ਸਿੰਘ , ਬੁੱਧ ਸਿੰਘ ਨੀਲੋਂ, ਜਸਬੀਰ ਝੱਜ,ਤ੍ਰੈਲੋਚਨ ਲੋਚੀ, ਬੀਬਾ ਬਲਵੰਤ, ਸਹਿਜਪ੍ਰੀਤ ਸਿੰਘ ਮਾਂਗਟ, ਗੁਰਚਰਨ ਕੌਰ ਕੋਚਰ, ਇੰਦਰਜੀਤ ਪਾਲ ਭਿੰਡਰ, ਸੁਰਿੰਦਰਦੀਪ, ਹਰਬੰਸ ਮਾਲਵਾ, ਮਨਜਿੰਦਰ ਧਨੋਆ, ਜਸਪ੍ਰੀਤ ਕੌਰ ਅਮਲਤਾਸ,ਕਮਲਜੀਤ ਨੀਲੋਂ, ਸਵਰਨਜੀਤ ਸਵੀ,ਕੁਲਵਿੰਦਰ ਧੀਮਾਨ, ਪਰਮਿੰਦਰ ਅਲਬੇਲਾ, ਰਵੀਦੀਪ ਰਵੀ ਸਮੇਤ ਮਹੱਤਵਪੂਰਨ ਲੇਖਕ ਹਾਜ਼ਰ ਸਨ।

LEAVE A REPLY

Please enter your comment!
Please enter your name here