ਫਿਲੌਰ, 31 ਅਕਤੂਬਰ ( ਲਿਕੇਸ਼ ਸ਼ਰਮਾਂ, ਅਸ਼ਵਨੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਆਪਣੀਆਂ ਸਿੱਖਿਅਕ ਅਤੇ ਸਹਿ-ਸਿੱਖਿਅਕ ਗਤੀਵਿਧੀਆਂ ਲਈ ਹਮੇਸ਼ਾ ਚਰਚਾ ਵਿਚ ਰਹਿੰਦਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਹੁਰਾਂ ਦੀ ਪ੍ਰੇਰਨਾ ਸਦਕਾ ਪ੍ਰੋ. ਜਸਵੀਰ ਸਿੰਘ ਦੀ ਅਗਵਾਈ ਵਿੱਚ ਵਿਦਿਆਰਥੀ ਵਿਵੇਕ ਝਾਅ ਨੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਕਰਵਾਏ ਗਏ ‘ਕੁਇੰਜ਼ ਮੁਕਾਬਲੇ ਦੇ ਕਾਲਜ ਗਰੁੱਪ – ੲ’ ਵਿਚੋਂ ਜ਼ਿਲ੍ਹਾ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਹੁਰਾਂ ਨੇ ਦੱਸਿਆ ਕਿ ਵਿਵੇਕ ਝਾਅ, ਸਾਡੇ ਕਾਲਜ ਵਿੱਚ ਬੀ.ਐੱਸ.ਸੀ. ਵਿੱਚ ਪਹਿਲੇ ਸਮੈਸਟਰ ਦਾ ਵਿਦਿਆਰਥੀ ਹੈ। ਇਸ ਬੱਚੇ ਵਿੱਚ ਪੜ੍ਹਨ ਤੇ ਯਾਦ ਰੱਖਣ ਦੀ ਚੰਗੀ ਪਕੜ ਹੈ। ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਵਿਵੇਕ ਝਾਅ ਨੇ ਸ਼ਖਤ ਮਿਹਨਤ ਕਰਕੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਵਿਚ ਭਾਗ ਹੀ ਨਹੀਂ ਲਿਆ ਸਗੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਰਾਜ ਪੱਧਰੀ ਕੁਇਜ਼ ਮੁਕਾਬਲੇ ਵਿਚ ਵੀ ਵਿਵੇਕ ਆਪਣੀ ਵਿਵੇਕਸ਼ੀਲਤਾ ਦਾ ਇਜ਼ਹਾਰ ਕਰੇਗਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਦੇ ਪੂਰੇ ਸਟਾਫ਼ ਦੀ ਮਿਹਨਤ ਅਤੇ ਲਗਨ ਨਾਲ਼ ਹੀ ਕਾਲਜ ਦੇ ਵਿਦਿਆਰਥੀ ਦਿਨ ਪ੍ਰਤੀ ਦਿਨ ਮੱਲਾਂ ਮਾਰ ਰਹੇ ਹਨ। ਭਾਸ਼ਾ ਵਿਭਾਗ, ਪੰਜਾਬ ਵੱਲੋਂ ਵਿਦਿਆਰਥੀ ਦਾ ਸਨਮਾਨ ਹੋਣ ਉਪਰੰਤ ਪ੍ਰਿੰਸੀਪਲ ਡਾ.ਪਰਮਜੀਤ ਕੌਰ ਜੱਸਲ ਹੁਰਾਂ ਨੇ ਪਿੰਡ ਦੇ ਮੋਹਤਬਰ ਮੈਂਬਰਾਂ ਦੀ ਹਾਜ਼ਰੀ ਵਿੱਚ ਵਿਵੇਕ ਝਾਅ ਨੂੰ ਸਨਮਾਨਿਤ ਕੀਤਾ ਅਤੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਤੀਰਥ ਸਿੰਘ ਜੌਹਲ, ਜੱਥੇਦਾਰ ਕੁਲਵਿੰਦਰ ਸਿੰਘ, ਅਮਰਜੀਤ ਸਿੰਘ, ਪ੍ਰਧਾਨ, ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਰਹੇ।