ਢੁੱਡੀਕੇ (ਮੋਗਾ) 31 ਅਕਤੂਬਰ: ( ਕੁਲਵਿੰਦਰ ਸਿੰਘ) -ਸਿਵਲ ਹਸਪਤਾਲ ਢੁੱਡੀਕੇ ਦੀ ਆਰ.ਬੀ.ਐਸ.ਕੇ. ਟੀਮ ਵੱਲੋਂ ਰਾਸ਼ਟਰੀਯ ਬਾਲ ਸਵਾਸਥ ਕਾਰਿਆਕ੍ਰਮ ਤਹਿਤ ਪਿਛਲੇ ਵਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਾਲਾ ਦੀ ਅੱਠਵੀਂ ਕਲਾਸ ਦੀ ਵਿਦਿਆਰਥਣ ਕੁਸਮਪ੍ਰੀਤ ਕੌਰ ਦੇ ਦਿਲ ਦਾ ਮੁਫ਼ਤ ਅਪ੍ਰੇਸ਼ਨ ਫੋਰਟਿਸ ਹਸਪਤਾਲ ਮੁਹਾਲੀ ਤੋ ਕਰਵਾਇਆ ਗਿਆ ਸੀ, ਜੋ ਕਿ ਹੁਣ ਆਪਣੀ ਤੰਦਰੁਸਤ ਜਿੰਦਗੀ ਬਤੀਤ ਕਰ ਰਹੀ ਹੈ।ਵਿਦਿਆਰਥਣ ਦਾ ਹਾਲ ਚਾਲ ਪੁਛਣ ਲਈ ਗਏ ਡਾ. ਸਿਮਰਪਾਲ ਸਿੰਘ, ਡਾ. ਨੇਹਾ ਸਿੰਗਲਾ, ਕੁਲਬੀਰ ਸਿੰਘ ਹੈਲਥ ਸੁਪਰਵਾਈਜ਼ਰ, ਸਟਾਫ਼ ਨਰਸ ਜਸਵੀਰ ਕੌਰ, ਸਟਾਫ਼ ਨਰਸ ਮਨਜੋਤ ਕੌਰ ਅਤੇ ਡਾ. ਗੁਰਪ੍ਰੀਤ ਸਿੰਘ ਪੰਚ ਦਾ ਧੰਨਵਾਦ ਕਰਦਿਆਂ ਕੁਸਮਪ੍ਰੀਤ ਕੌਰ ਦੇ ਪਿਤਾ ਇੰਦਰਜੀਤ ਸਿੰਘ ਅਤੇ ਮਾਤਾ ਸੁਮਨਦੀਪ ਕੌਰ ਨੇ ਕਿਹਾ ਕਿ ਸਰਕਾਰੀ ਹਸਪਤਾਲ ਢੁੱਡੀਕੇ ਦੀ ਟੀਮ ਸਾਡੇ ਲਈ ਰੱਬ ਦਾ ਰੂਪ ਹਨ, ਜਿਹਨਾਂ ਨੇ ਸਾਡੀ ਧੀ ਦਾ ਮੁਫ਼ਤ ਅਪ੍ਰੇਸ਼ਨ ਕਰਵਾਕੇ ਜੀਵਨ ਦਾਨ ਬਖਸ਼ਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਢੁੱਡੀਕੇ ਡਾ. ਸੁਰਿੰਦਰ ਸਿੰਘ ਝੱਮਟ ਨੇ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਦੀ ਕੀਤੀ ਜਾਂਦੀ ਰੁਟੀਨ ਸਿਹਤ ਜਾਂਚ ਵਿੱਚ ਪਾਇਆ ਗਿਆ ਸੀ ਕਿ ਸਰਕਾਰੀ ਸਕੂਲ ਡਾਲਾ ਦੀ 11 ਸਾਲਾਂ ਦੀ ਇੱਕ ਵਿਦਿਆਰਥਣ ਕੁਸਮਪ੍ਰੀਤ ਕੌਰ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਇਸਦਾ ਪਰਿਵਾਰ ਗਰੀਬ ਹੋਣ ਕਾਰਣ ਇਸਦਾ ਅਪ੍ਰੇਸ਼ਨ ਨਹੀਂ ਕਰਵਾ ਸਕਦਾ । ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਉਪਰੰਤ ਸਿਵਲ ਸਰਜਨ ਮੋਗਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅਸ਼ੋਕ ਸਿੰਗਲਾ ਅਤੇ ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਸੁਖਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਸ ਵਿਦਿਆਰਥਣ ਦੇ ਦਿਲ ਦਾ ਅਪ੍ਰੇਸ਼ਨ ਬਿਲਕੁਲ ਮੁਫ਼ਤ ਕਰਵਾਇਆ ਗਿਆ ਸੀ ।
ਲਖਵਿੰਦਰ ਸਿੰਘ ਬਲਾਕ ਐਜੂਕੇਟਰ ਅਤੇ ਰਾਜ ਕੁਮਾਰ ਸੀਨੀਅਰ ਫਾਰਮੇਸੀ ਅਫ਼ਸਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਗੰਭੀਰ ਬਿਮਾਰੀ ਹੈ ਤਾਂ ਤਰੁੰਤ ਆਰ.ਬੀ.ਐਸ.ਕੇ ਟੀਮ ਢੁੱਡੀਕੇ ਨਾਲ ਸੰਪਰਕ ਕੀਤਾ ਜਾਵੇ, ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਤਹਿਤ ਉੱਚ ਪੱਧਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਸੰਭਵ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ 18 ਸਾਲ ਦੇ ਬੱਚਿਆਂ ਦੀਆਂ 30 ਭਿਆਨਕ ਬਿਮਾਰੀਆਂ ਦੇ ਮੁਫ਼ਤ ਇਲਾਜ ਲਈ ਆਰ.ਬੀ.ਐਸ.ਕੇ. ਟੀਮ ਵੱਲੋਂ ਆਂਗਣਵਾੜੀਆਂ ਤੇ ਸਕੂਲਾਂ ਵਿੱਚ ਜਾ ਕੇ ਸਿਹਤ ਜਾਂਚ ਕੀਤੀ ਜਾਂਦੀ ਹੈ। ਇਸ ਸਿਹਤ ਜਾਂਚ ਵਿੱਚ ਬੱਚਿਆਂ ਦੇ ਜਮਾਂਦਰੂ ਨੁਕਸ, ਬਿਮਾਰੀ, ਸਰੀਰਿਕ ਘਾਟ ਅਤੇ ਸਰੀਰਿਕ ਵਾਧੇ ਦੀ ਘਾਟ ਆਦਿ ਨੂੰ ਦੇਖਿਆ ਜਾਂਦਾ ਹੈ। ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਦੇ ਉਦੇਸ਼ ਤਹਿਤ ਜਲਦ ਬਿਮਾਰੀ ਦੀ ਪਹਿਚਾਣ ਕਰ ਲੈਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਪੂਰੀ ਤਰਾਂ ਸੰਭਵ ਹੈ