ਮੋਗਾ, 7 ਨਵੰਬਰ ( ਮਿਅੰਕ ਜੈਨ) – ਗੁਰਮੀਤ ਸਿੰਘ ਮੀਤ ਹੇਅਰ, ਕੈਬਨਿਟ ਮੰਤਰੀ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਦੀ ਅਗਵਾਈ ਹੇਠ ਮਿਤੀ 1 ਨਵੰਬਰ, 2022 ਤੋਂ 30 ਨਵੰਬਰ, 2022 ਤੱਕ ਪੰਜਾਬੀ ਮਾਹ – 2022 ਤਹਿਤ ਵੱਡੇ ਪੱਧਰ ’ਤੇ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਾਹਿਤਕ/ਅਕਾਦਮਿਕ ਸਮਾਗਮ ਕਰਵਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਦੀ ਲੜੀ ਤਹਿਤ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦਾ ਰਾਜ ਪੱਧਰੀ ਪ੍ਰਸ਼ਨੋਤਰੀ ਮੁਕਾਬਲਾ ਮਿਤੀ 09 ਨਵੰਬਰ, 2022 ਦਿਨ ਬੁੱਧਵਾਰ ਸਵੇਰੇ 10.00 ਵਜੇ ਡੀ. ਐੱਮ. ਕਾਲਜ, ਮੋਗਾ ਵਿਖੇ ਸ਼ੁਰੂ ਹੋਵੇਗਾ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਗਾ ਡਾ. ਅਜੀਤਪਾਲ ਸਿੰਘ ਨੇ ਕਿਹਾ ਕਿ ਮਿਤੀ 17 ਅਕਤੂਬਰ, 2022 ਨੂੰ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ ਸਨ। ਉਨ੍ਹਾਂ ਮੁਕਾਬਲਿਆਂ ਵਿਚ ਵਰਗ ‘ੳ’ ਵਿਚ 6ਵੀਂ ਤੋਂ 8ਵੀਂ ਤੱਕ, ਵਰਗ ‘ਅ’ ਵਿਚ 9ਵੀਂ ਤੋਂ 12ਵੀਂ ਤੱਕ ਅਤੇ ਵਰਗ ‘ੲ’ ਵਿਚ ਕਾਲਜਾਂ ਦੇ ਗਰੈਜੂਏਸ਼ਨ ਪੱਧਰ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ। ਉਨ੍ਹਾਂ ਤਿੰਨਾਂ ਵਰਗਾਂ ਵਿਚੋਂ ਪਹਿਲੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀ ਇਸ ਰਾਜ ਪੱਧਰੀ ਮੁਕਾਬਲੇ ਵਿਚ ਹਿੱਸਾ ਲੈਣਗੇ। ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸ ਮੁਕਾਬਲੇ ਸੰਬੰਧੀ ਭਾਸ਼ਾ ਵਿਭਾਗ, ਪੰਜਾਬ ਦੁਆਰਾ ਡੀ. ਐੱਮ. ਕਾਲਜ, ਮੋਗਾ ਵਿਖੇ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਐੱਮ. ਐੱਲ. ਏ. ਬਾਘਾਪੁਰਾਣਾ ਅੰਮ੍ਰਿਤਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਵਿਸ਼ੇਸ਼ ਮਹਿਮਾਨ ਵਜੋਂ ਐੱਮ. ਐੱਲ. ਏ. ਮੋਗਾ ਡਾ. ਅਮਨਦੀਪ ਕੌਰ ਅਰੋੜਾ ਅਤੇ ਡਿਪਟੀ ਕਮਿਸ਼ਨਰ, ਮੋਗਾ ਕੁਲਵੰਤ ਸਿੰਘ ਸ਼ਿਰਕਤ ਕਰਨਗੇ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸ. ਬਲਦੇਵ ਸਿੰਘ ਸੜਕਨਾਮਾ ਕਰਨਗੇ। ਇਸ ਸਮਾਗਮ ਦੇ ਸੰਚਾਲਨ ਦੀ ਅਗਵਾਈ ਲਈ ਡਾ. ਵੀਰਪਾਲ ਕੌਰ (ਸੰਯੁਕਤ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ), ਸਤਨਾਮ ਸਿੰਘ (ਸਹਾਇਕ ਡਾਇਰੈਕਟਰ), ਸ਼੍ਰੀਮਤੀ ਸੁਰਿੰਦਰ ਕੌਰ (ਸਹਾਇਕ ਡਾਇਰੈਕਟਰ) ਅਤੇ ਸ਼੍ਰੀਮਤੀ ਜਸਪ੍ਰੀਤ ਕੌਰ (ਸਹਾਇਕ ਡਾਇਰੈਕਟਰ) ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰ ਰਹੇ ਹਨ। ਮੁਕਾਬਲੇ ਵਿਚ ਕੁਇਜ਼ ਮਾਸਟਰ ਦੀ ਭੂਮਿਕਾ ਮੁੱਖ ਅਧਿਆਪਕ ਰਿਸ਼ੀ ਮਨਚੰਦਾ, ਮਾਸਟਰ ਬੂਟਾ ਸਿੰਘ ਅਤੇ ਮਾਸਟਰ ਜਸਵਿੰਦਰ ਕੁਮਾਰ ਨਿਭਾਉਣਗੇ। ਇਸ ਤੋਂ ਇਲਾਵਾ ਹੋਰ ਉੱਚ ਅਧਿਕਾਰੀ, ਸਾਹਿਤਕਾਰ, ਸਾਹਿਤ ਪ੍ਰੇਮੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਇਸ ਸਮਾਗਮ ਦੀ ਸ਼ੋਭਾ ਵਧਾਉਣਗੇ। ਐੱਸ. ਕੇ. ਸ਼ਰਮਾ ਪ੍ਰਿੰਸੀਪਲ ਡੀ. ਐੱਮ. ਕਾਲਜ, ਮੋਗਾ ਨੇ ਕਿਹਾ ਕਿ ਭਾਸ਼ਾ ਵਿਭਾਗ, ਪੰਜਾਬ ਦੁਆਰਾ ਉਨ੍ਹਾਂ ਦੀ ਸੰਸਥਾ ਵਿਚ ਕਰਵਾਏ ਜਾ ਰਹੇ ਇਸ ਰਾਜ ਪੱਧਰੀ ਸਮਾਗਮ ਸੰਬੰਧੀ ਉਹ ਮਾਣ ਮਹਿਸੂਸ ਕਰਦੇ ਹਨ। ਕਾਲਜ ਦੇ ਵਿਦਿਆਰਥੀਆਂ ਅੰਦਰ ਇਸ ਸਮਾਗਮ ਨੂੰ ਲੈ-ਕੇ ਭਾਰੀ ਉਤਸ਼ਾਹ ਹੈ।