ਜਗਰਾਉਂ, 9 ਨਵੰਬਰ ( ਵਿਕਾਸ ਮਠਾੜੂ,ਮੋਹਿਤ ਜੈਨ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਪਲੇਅਵੇਅ ਤੋਂ ਤੀਸਰੀ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਸਪੋਰਟਸ ਡੇਅ ਕਰਵਾਇਆ ਗਿਆ। ਜਿਸ ਵਿਚ ਬੱਚਿਆਂ ਦੀਆਂ ਦੌੜਾਂ, ਲੰਬੀ ਛਾਲ, ਜੰਪ ਆਦਿ ਹੋਰ ਵੀ ਕਈ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ ਜਿਸ ਵਿਚ ਬੱਚਿਆਂ ਵੱਲੋਂ ਆਪਣੇ ਇਸ ਬਚਪਨ ਦੇ ਦੌਰ ਦੌਰਾਨ ਕੀਤੀ ਮਿਹਨਤ ਨੂੰ ਖੇਡ ਮੈਦਾਨਾਂ ਵਿਚ ਆਪਣੇ ਜੌਹਰ ਦਿਖਾ ਕੇ ਸਭ ਦੇ ਸਾਹਮਣੇ ਪੇਸ਼ ਕੀਤਾ। ਬੱਚਿਆਂ ਦੁਆਰਾ ਖੇਡੀਆਂ ਜਾ ਰਹੀਆਂ ਖੇਡਾਂ ਦੀ ਤਾਰੀਫ਼ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਅੱਜ ਇਹ ਛੋਟੇ-ਛੋਟੇ ਖਿਡਾਰੀ ਖੇਡ ਮੈਦਾਨਾਂ ਨੂੰ ਚਾਰ ਚੰਨ ਲਗਾ ਰਹੇ ਹਨ ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਕੇ ਸਰੋਤਿਆਂ ਤੋਂ ਵਾਹ-ਵਾਹ ਖੱਟ ਰਹੇ ਹਨ। ਇਹਨਾਂ ਨੇ ਵੱਡੇ ਮੈਦਾਨਾਂ ਵਿਚ ਜਾ ਕੇ ਦੇਸ਼ ਲਈ ਚੰਗੇ ਖਿਡਾਰੀਆਂ ਵੱਜੋਂ ਉੱਭਰ ਕੇ ਸਾਹਮਣੇ ਆਉਣਾ ਹੈ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ। ਇਸ ਮੌਕੇ ਸਕੂਲ ਦੀ ਮੈਨੇਜ਼ਮੈਂਟ ਵਿਚ ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਨੇ ਵੀ ਬੱਚਿਆਂ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ।
