ਜਗਰਾਓਂ, 11 ਨਵੰਬਰ ( ਲਿਕੇਸ਼ ਸ਼ਰਮਾਂ , ਅਸ਼ਵਨੀ )-ਪਿਛਲੇ ਕਾਫੀ ਸਮੇਂ ਤੋਂ ਅਫੀਮ ਦਾ ਧੰਦਾ ਕਰ ਰਹੇ ਪਤੀ-ਪਤਨੀ ਚੋਂ ਪੁਲਿਸ ਪਾਰਟੀ ਨੇ ਪਤਨੀ ਨੂੰ ਇਕ ਕਿਲੋ ਅਫੀਮ ਸਮੇਤ ਗਿਰਫਤਾਰ ਕਰ ਲਿਆ ਜਦਕਿ ਉਸਦਾ ਪਤੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਸੀਆਈਏ ਸਟਾਫ਼ ਤੋਂ ਏਐਸਆਈ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਏਐਸਆਈ ਬਲਵਿੰਦਰ ਸਿੰਘ ਸਮੇਤ ਮਹਿਲਾ ਪੁਲੀਸ ਮੁਲਾਜ਼ਮ ਚੈਕਿੰਗ ਦੌਰਾਨ ਤਹਿਸੀਲ ਚੌਕ ਵਿੱਚ ਮੌਜੂਦ ਸਨ। ਉੱਥੇ ਸੂਚਨਾ ਮਿਲੀ ਸੀ ਕਿ ਤੇਜਿੰਦਰ ਸਿੰਘ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਵਾਸੀ ਗੋਲਡਨ ਬਾਗ ਜਗਰਾਉਂ ਅਫੀਮ ਵੇਚਣ ਦਾ ਧੰਦਾ ਕਰਦੇ ਹਨ। ਤੇਜਿੰਦਰ ਸਿੰਘ ਨੇ ਅੱਜ ਵੀ ਆਪਣੀ ਪਤਨੀ ਨੂੰ ਸਕੂਟੀ ’ਤੇ ਸ਼ਹਿਰ ਦੇ ਡਾ: ਹਰੀ ਸਿੰਘ ਰੋਡ ਦੇ ਇਲਾਕੇ ’ਚ ਅਫੀਮ ਸਪਲਾਈ ਕਰਨ ਲਈ ਭੇਜਿਆ ਹੈ। ਇਸ ਸੂਚਨਾ ’ਤੇ ਡਾ: ਹਰੀ ਸਿੰਘ ਰੋਡ ’ਤੇ ਨਾਕਾਬੰਦੀ ਦੌਰਾਨ ਅਮਨਦੀਪ ਕੌਰ ਨੂੰ ਸਕੂਟੀ ’ਤੇ ਲੈ ਕੇ ਜਾਂਦੇ ਹੋਏ 1 ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ। ਜਦਕਿ ਉਸਦਾ ਪਤੀ ਤੇਜਿੰਦਰ ਸਿੰਘ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਤਜਿੰਦਰ ਸਿੰਘ ਅਤੇ ਅਮਨਦੀਪ ਕੌਰ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
