ਜਗਰਾਉਂ, 14 ਨਵੰਬਰ ( ਭਗਵਾਨ ਭੰਗੂ)-ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ. ਸੈ. ਸਕੂਲ ਜਗਰਾਉਂ ਵਿਖੇ ਬਾਲ ਦਿਵਸ ਮਨਾਇਆ ਗਿਆ । ਬਾਲ ਦਿਵਸ ਦੀ ਸ਼ੁਰੂਆਤ ਵੰਦਨਾ ਦੁਆਰਾ ਕੀਤੀ ਗਈ । ਉਪਰੰਤ ਅਧਿਆਪਕਾ ਮਨਪ੍ਰੀਤ ਕੌਰ ਨੇ ‘ਬਾਲ ਦਿਵਸ ‘ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਚਾਚਾ ਨਹਿਰੂ ਜੀ ਦਾ ਜਨਮ 14 ਨਵੰਬਰ 1889 ਈ. ਵਾਲੇ ਦਿਨ ਮੋਤੀ ਲਾਲ ਜੀ ਦੇ ਘਰ ਹੋਇਆ । ਅਮਨ ਦੇ ਪੁਜਾਰੀ, ਸ਼ਾਂਤੀ ਦੇ ਦੂਤ , ਹਰ ਦਿਲ ਅਜ਼ੀਜ਼, ਉੱਚ ਕੋਟੀ ਦੇ ਲੇਖਕ ਪੰਡਿਤ ਜਵਾਹਰ ਲਾਲ ਨਹਿਰੂ ਅੰਤਰ ਰਾਸ਼ਟਰੀ ਮੰਚ ਤੇ ਇੱਕ ਉੱਘੀ ਸ਼ਖਸੀਅਤ ਬਣ ਕੇ ਉੱਭਰੇ। ਆਪ ਜੀ ਦਾ ਰਾਜਨੀਤੀ ਦੇ ਖੇਤਰ ਵਿੱਚ ਮਹਾਨ ਯੋਗਦਾਨ ਸੀ । ਚਾਚਾ ਨਹਿਰੂ ਇੱਕ ਕੁਸ਼ਲ ਨੀਤੀਵਾਨ , ਸੁਘੜ ਸਿਆਸਤਦਾਨ , ਪ੍ਰਵੀਨ ਪ੍ਰਸ਼ਾਸਕ ਤੇ ਇੱਕ ਪ੍ਰਭਾਵਸ਼ਾਲੀ ਬੁਲਾਰੇ ਸਨ । ਨਹਿਰੂ ਦੀ ਉਹ ਇਨਸਾਨ ਸਨ, ਜਿਨ੍ਹਾਂ ਵਿੱਚ ਸਾਰੇ ਗੁਣਾਂ ਦਾ ਸੰਗਮ ਸੀ । ਉਹਨਾਂ ਦੀ ਦੂਰ ਦ੍ਰਿਸ਼ਟੀ , ਸਮ ਦ੍ਰਿਸ਼ਟੀ ਦੇ ਸਦਕੇ ਉਹਨਾਂ ਨੂੰ ਦੇਸ਼ – ਪ੍ਰਦੇਸ਼ ਦਾ ਕੋਈ ਪਾੜਾ ਨਜ਼ਰ ਨਹੀਂ ਸੀ ਆਉਂਦਾ। ਨਹਿਰੂ ਜੀ ਨੂੰ ਆਪਣੀ ਮਾਤ ਭੂਮੀ ਆਪਣੀ ਜਾਨ ਤੋਂ ਵੀ ਵੱਧ ਪਿਆਰੀ ਸੀ। ਆਪਣੇ ਵਤਨ ਤੇ ਦੇਸ਼ ਦੀ ਅਜ਼ਾਦੀ ਲਈ ਆਪ ਨੇ ਆਪਣੀ ਜ਼ਿੰਦਗੀ ਲੇਖੇ ਲਾ ਦਿੱਤੀ।
ਆਪ ਜੀ ਨੂੰ ਬੱਚਿਆਂ ਨਾਲ ਬਹੁਤ ਪਿਆਰ ਸੀ। ਆਪ ਬੱਚਿਆਂ ਨਾਲ ਬੱਚੇ ਬਣ ਜਾਂਦੇ ਸੀ। ਆਪ ਬੱਚਿਆਂ ਦੀ ਸੰਗਤ ਤੇ ਸੁਭਾਅ ਤੋਂ ਐਨਾ ਪ੍ਰਭਾਵਿਤ ਹੋਏ ਕਿ ਆਪਣਾ ਜਨਮ ਦਿਨ ਬਾਲ ਦਿਵਸ ਦੇ ਤੌਰ ਤੇ ਮਨਾਉਣ ਲਈ ਕਿਹਾ। ਇਸਦੇ ਨਾਲ ਹੀ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਅਧਿਆਪਕਾ ਮਨਪ੍ਰੀਤ ਕੌਰ ਨੇ ਸਵੈ ਲਿਖਿਤ ਕਵਿਤਾ “ਪੜ੍ਹ ਲਿਖ ਨਾਮ ਤੁਸੀਂ ਕਮਾਇਓ ਬੱਚਿਓ” ਬੱਚਿਆਂ ਨਾਲ ਸਾਂਝੀ ਕਰਕੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਪ੍ਰਿੰ. ਸ਼੍ਰੀ ਮਤੀ ਨੀਲੂ ਨਰੂਲਾ ਜੀ ਨੇ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ 131ਵੀਂ ਜਯੰਤੀ ਦੇ ਮੌਕੇ ‘ਤੇ ਅਸੀਂ ਸਾਰੇ ਉਹਨਾਂ ਨੂੰ ਯਾਦ ਕਰਦੇ ਹਾਂ। ਉਹ ਕਹਿੰਦੇ ਸਨ ਕਿ ਬੱਚੇ ਬਗੀਚੇ ਦੇ ਫੁੱਲ ਵਾਂਗ ਹੁੰਦੇ ਹਨ, ਜਿਨ੍ਹਾਂ ਨੂੰ ਚੰਗੀ ਦੇਖਭਾਲ ਦੀ ਲੋੜ ਹੁੰਦੀ ਹੈ ਕਿਉਂਕਿ ਉਹ ਦੇਸ ਦਾ ਭਵਿੱਖ ਅਤੇ ਕੱਲ ਦੇ ਨਾਗਰਿਕ ਹਨ।