ਜਗਰਾਉਂ, 14 ਨਵੰਬਰ ( ਰਾਜੇਸ਼ ਜੈਨ, ਮੋਹਿਤ ਜੈਨ )-ਪਿਛਲੇ ਦਿਨਾਂ ਤੋਂ ਚੱਲ ਰਿਹਾ ਸ਼੍ਰੀ ਖਾਟੂ ਸ਼ਿਆਮ ਟਰੱਸਟ ਦਾ ਆਪਸੀ ਵਿਵਾਦ ਉਸ ਸਮੇਂ ਹੋਰ ਡੂੰਘਾ ਹੋ ਗਿਆ ਜਦੋਂ ਇੱਕ ਧਿਰ ਵੱਲੋਂ ਦੂਜੀ ਧਿਰ ਦੇ ਚਾਰ ਮੈਂਬਰਾਂ ਦੇ ਟ੍ਰਸਟ ਦੀ ਮੈਂਬਰਸ਼ਿਪ ਤੋਂ ਬਾਹਰ ਕਰ ਦਿਤਾ। ਸੰਸਥਾਂ ਵਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਅਨੁਸਾਰ ਸ਼੍ਰੀ ਖਾਟੂ ਸ਼ਿਆਮ ਟਰੱਸਟ ਦੀ ਅਹਿਮ ਮੀਟਿੰਗ ਚੈਪਰਮੈਨ ਅਵਿਨਾਸ਼ ਮਿੱਤਲ ਦੀ ਅਗਵਾਈ ਹੇਠ ਕੀਤੀ ਗਈ। ਜਿਸ ਵਿੱਚ ਸੰਸਥਾਂ ਵਿਚ ਗੈਰ-ਜ਼ਿੰਮੇਵਾਰਾਨਾ ਕਾਰਵਾਈਆਂ ਨੂੰ ਲੈ ਕੇ ਦਵਿੰਦਰ ਜੈਨ, ਪ੍ਰਦੀਪ ਜੈਨ, ਨਰੇਸ਼ ਵਰਮਾ ਅਤੇ ਅਸ਼ਵਨੀ ਸ਼ਰਮਾ ਸੰਬੰਧੀ ਨਾਲ ਮੁੜ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਨ੍ਹਾਂ ਸਾਰਿਆਂ ਨੂੰ ਸ਼੍ਰੀ ਖਾਟੂ ਸ਼ਿਆਮ ਟਰੱਸਟ ਵਿੱਚੋਂ ਕੱਢ ਦਿੱਤਾ ਜਾਵੇ ਅਤੇ ਜੋ ਵੀ ਅਹੁਦੇ ਦਿੱਤੇ ਗਏ ਹਨ, ਉਨ੍ਹਾਂ ਨੂੰ ਵਾਪਸ ਲੈ ਲਿਆ ਜਾਵੇ। ਮੀਟਿੰਗ ਵਿੱਚ ਸਾਰੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਅਤੇ ਇਨ੍ਹਾਂ ਚਾਰ ਮੈਂਬਰਾਂ ਨੂੰ ਜਥੇਬੰਦੀ ਵਿੱਚੋਂ ਕੱਢ ਦਿੱਤਾ ਗਿਆ। ਇਸ ਫੈਸਲੇ ਤੋਂ ਬਾਅਦ ਇਹ ਮੈਂਬਰ ਦਵਿੰਦਰ ਜੈਨ, ਪ੍ਰਦੀਪ ਜੈਨ, ਅਸ਼ਵਨੀ ਸ਼ਰਮਾ ਅਤੇ ਨਰੇਸ਼ ਵਰਮਾ ਸ਼੍ਰੀ ਖਾਟੂ ਸ਼ਿਆਮ ਟਰੱਸਟ ਦੇ ਮੈਂਬਰ ਨਹੀਂ ਹਨ ਅਤੇ ਨਾ ਹੀ ਇਹ ਚਾਰੇ ਸ਼੍ਰੀ ਖਾਟੂ ਸ਼ਿਆਮ ਟਰੱਸਟ ਦੇ ਨਾਂ ਦੀ ਵਰਤੋਂ ਕਰ ਸਕਦੇ ਹਨ। ਦਵਿੰਦਰ ਜੈਨ ਕੋਲ ਮੌਜੂਦ ਸੰਸਥਾ ਦਾ ਰਜਿਸਟਰ ਅਤੇ ਕੈਸ਼ ਬੁੱਕ ਅੱਜ ਤੋਂ ਬਾਅਦ ਸੰਸਥਾ ਦੇ ਕਿਸੇ ਵੀ ਕੰਮ ਵਿੱਚ ਜਾਇਜ਼ ਨਹੀਂ ਰਹੇਗੀ।
ਕੀ ਕਹਿਣਾ ਹੈ ਦਵਿੰਦਰ ਜੈਨ ਦਾ- ਇਸ ਸਬੰਧ ’ਚ ਤਿੰਨ ਹੋਰ ਮੈਂਬਰਾਂ ਸਮੇਤ ਸੰਸਥਾ ’ਚੋਂ ਕੱਢੇ ਗਏ ਸ਼੍ਰੀ ਖਾਟੂ ਸ਼ਿਆਮ ਟਰੱਸਟ ਦੇ ਮੈਂਬਰ ਦਵਿੰਦਰ ਜੈਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਲੋਕ ਸਾਨੂੰ ਟਰੱਸਟ ’ਚੋਂ ਬਾਹਰ ਕਰਨ ਦੀ ਤਾਕਤ ਨਹੀਂ ਰੱਖਦੇ ਹਨ। ਇਨ੍ਹਾਂ ਪਾਸ ਅਜਿਹਾ ਕੋਈ ਵੀ ਅਧਿਕਾਰ ਨਹੀਂ ਹੈ ਕਿ ਇਹ ਸਾਨੂੰ ਟ੍ਰਸਟ ਤੋਂ ਬਾਹਰ ਕੱਢ ਸਕਣ। ਅਸੀਂ ਉਨ੍ਹਾਂ ਖਿਲਾਫ ਪਹਿਲਾਂ ਵੀ ਅਦਾਲਤ ’ਚ ਕੇਸ ਦਾਇਰ ਕਰ ਚੁੱਕੇ ਹਾਂ ਅਤੇ ਹੁਣ ਵੀ ਇਸ ਮਾਮਲੇ ਨੂੰ ਲੈ ਕੇ ਅਦਾਲਤ ’ਚ ਜਾਵਾਂਗੇ।
