ਪੰਜਾਬ ਜੋ ਕਿ ਪੰਜ ਦਰਿਆਵਾਂ ਦੀ ਘਰਤੀ, ਫਰਕਦੇ ਡੌਲੇ ਅਤੇ ਭਰਵੇਂ ਜੱੁਸੇ ਅਤੇ ਚੌੜੀ ਛਾਤੀਵਾਲੇ ਗੱਭਰੂ, ਪੁਰਾਤਨ ਸੱਭਿਆਚਾਰ ਅਤੇ ਅਮੀਰ ਵਿਰਸੇ ਵਜੋਂ ਜਾਣਿਆ ਜਾਂਦਾ ਸੀ, ਹੁਣ ਇਹ ਗੱਲਾਂ ਸਿਰਫ਼ ਕਾਗਜ਼ਾਂ ਅਤੇ ਕਿਤਾਬਾਂ ਵਿਚ ਹੀ ਲਿਖੀਆਂ ਰਹਿ ਗਈਆਂ ਹਨ। ਅਸਲ ਵਿੱਚ ਇਹ ਸਾਰੀਆਂ ਸ਼ਾਨਦਾਰ ਪਹਿਚਾਣ ਹੁਣ ਪੰਜਾਬ ਵਿਚ ਦੇਖਣ ਨੂੰ ਨਹੀਂ ਮਿਲ ਰਹੀਆਂ। ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ ਪੜ੍ਹ ਕੇ ਵਿਦੇਸ਼ ਦੀ ਧਰਤੀ ’ਤੇ ਚਲੇ ਗਏ ਹਨ। ਉਨ੍ਹਾਂ ਵਿੱਚੋਂ ਬਾਕੀ ਜੋ ਅੱਧੇ ਇੱਥੇ ਰਹਿ ਗਏ ਹਨ ਉਨ੍ਹਾਂ ਵਿਚ ਵਧੇਰੇਤਰ ਨਸ਼ਿਆਂ ਦੀ ਦਲਦਲ ਵਿੱਚ ਧਕੇਲ ਗਏ ਹਨ ਅਤੇ ਬਾਕੀ ਆਪਣੀ ਪਛਾਣ ਕਾਇਮ ਨਹੀਂ ਕਰ ਸਕੇ ਹਨ। ਜਿਸ ਕਾਰਨ ਹੁਣ ਪਿਛਲੇ ਸਮੇਂ ਤੋਂ ਦੇਸ਼ ਦੇ ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕ ਪੰਜਾਬ ਵਿੱਚ ਆਪਣਾ ਕਾਰੋਬਾਰ ਸਥਾਪਿਤ ਕਕ ਰਹੇ ਹਨ। ਜਿਸ ਵਿੱਚ ਸਾਡੇ ਪੰਜਾਬ ਦੇ ਛੋਟੇ-ਮੋਟੇ ਕਾਰੋਬਾਰਾਂ ਵਿਚ ਤਾਂ ਬਾਹਰੀ ਰਾਜਾਂ ਦੇ ਲੋਕ ਪੂਰੀ ਤਰ੍ਹਾਂ ਨਾਲ ਕਬਜ਼ਾ ਜਮਾ ਚੁੱਕੇ ਹਨ। ਇਸ ਸਮੇਂ ਬਾਹਰਲੇ ਰਾਜਾਂ ਤੋਂ ਲਗਭਗ 90 ਪ੍ਰਤੀਸ਼ਤ ਲੋਕ ਆ ਕੇ ਸਫਲਤਾ ਦੀ ਮੰਜਿਲ ਵੱਲ ਵਧ ਚੁੱਕੇ ਹਨ। ਸਾਡੇ ਨੌਜਵਾਨ ਜੋ ਪਿੰਡ ਪੱਧਰ ’ਤੇ ਖੇਤਾਂ ਵਿੱਚ ਕੰਮ ਕਰਦੇ ਸਨ, ਸ਼ਹਿਰਾਂ ਵਿੱਚ ਦਿਗਾੜੀਦਾਰ ਮਜ਼ਦੂਰ ਸਨ., ਸਬਜ਼ੀ, ਰੇਹੜੀ, ਫੜ੍ਹੀ, ਰਿਕਸ਼ਾ, ਆਟੋ ਆਦਿ ਵਰਗੇ ਕੰਮਾਂ ਵਿਚ ਲੱਗ ਕੇ ਆਪਣੇ ਪਰਿਵਾਰ ਪਾਲਦੇ ਸਨ। ਹੁਣ ਸਾਡੇ ਲੋਕ ਇਹ ਸਾਰੇ ਕੰਮ ਛੱਡ ਚੁੱਕੇ ਹਨ ਅਤੇ ਇਨ੍ਹਾਂ ਕੰਮਾ ਤੇ ਪੂਰੀ ਤਰ੍ਹਾਂ ਨਾਲ ਬਾਹਰੀ ਰਾਜਾਂ ਦੇ ਲੋਕਾਂ ਕਾਬਜ਼ ਹੋ ਗਏ ਹਨ। ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਸਾਡੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਮੁਫਤ ਆਟਾ, ਦਾਲ ਅਤੇ ਬਿਜਲੀ ਦੇਣ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਅਤੇ ਉਹ ਰਹਿੰਦੇ ਖੁੰਹਦੇ ਵੀ ਨਿਕੰਮੇ ਪਣ ਦਾ ਸ਼ਿਕਾਰ ਹੋ ਗਏ ਜਿਹੜੇ ਲੋਕ ਇਸ ਵਿੱਚ ਲੱਗੇ ਹੋਏ ਸਨ, ਉਹ ਵੀ ਵਿਹਲੇ ਬੈਠੇ ਹਨ। ਉਨ੍ਹਾਂ ਦੇ ਘਰਾਂ ਦੀਆਂ ਔਰਤਾਂ ਬਾਹਰਲੇ ਲੋਕਾਂ ਦੇ ਘਰਾਂ ਵਿੱਚ ਮਿਹਨਤ ਕਰਨ ਲੱਗ ਪਈਆਂ ਹਨ ਅਤੇ ਇਨ੍ਹਾਂ ਲੋਕਾਂ ਨੂੰ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਮੁਫਤ ਰਾਸ਼ਨ ਚੱਕੀਆਂ ਅਤੇ ਦੁਕਾਨਾਂ ਤੇ ਵੇਚ ਕੇ ਉਸਦਾ ਨਸ਼ਾ ਆਸਾਨੀ ਨਾਲ ਕਰ ਰਹੇ ਹਨ। ਇਹੀ ਵਜਹ ਹੈ ਕਿ ਅੱਜ ਪੰਜਾਬ ਦਾ ਬੇਰੁਜਗਾਰ ਨੌਜਵਾਨ ਗੈਂਗਸਟਰ ਕਲਚਰ ਵੱਲ ਵਧ ਰਿਹਾ ਹੈ। ਜਿਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਦਾ ਕਤਲ, ਕਬੱਡੀ ਖਿਡਾਰੀ ਦਾ ਦਿਨ ਦਿਹਾੜੇ ਕਤਲ ਅਤੇ ਹੁਣ ਡੇਰੇ ਦੇ ਪ੍ਰੇਮੀ ਨੂੰ ਦਿਨ ਦਿਹਾੜੇ ਕਤਲ, ਇਨ੍ਹਾਂ ਸਭ ਕਤਲਾਂ ਪਿੱਛੇ ਗੈਂਗਸਟਰਾਂ ਦਾ ਹੱਥ ਪਾਇਆ ਗਿਆ। ਜੋ ਕਿ ਵਿਦੇਸ਼ ਵਿਚ ਬੈਠੇ ਹਨ ਜਾਂ ਜੇਲਾਂ ਵਿਚ ਨਜਰਬੰਦ ਹਨ। ਸਵਾਲ ਇਹ ਉੱਠਦਾ ਹੈ ਕਿ ਜਿਹੜੇ ਨੌਜਵਾਨ ਗੁੰਮਰਾਹ ਹੋ ਕੇ ਵਿਦੇਸ਼ ਚਲੇ ਗਏ ਹਨ, ਉਥੋਂ ਵੀ ਅਪਰਾਧ ਦੀ ਦੁਨੀਆ ’ਚ ਆਪਣੀ ਸਰਦਾਰੀ ਉਸੇ ਤਰ੍ਹਾਂ ਨਾਲ ਕਾਇਮ ਰੱਖੇ ਹੋਏ ਹਨ ਜੇਲਾਂ ਵਿਚ ਨਜ਼ਰਬੰਦ ਅਪਰਾਧੀ ਵੀ ਜੇਲ੍ਹ ਦੇ ਅੰਦਰ ਬੈਠੇ ਹੋਏ ਆਸਾਨੀ ਨਾਲ ਬਾਹਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਬਾਹਰ ਬੈਠ ਕੇ ਕੋਈ ਵੀ ਵਿਅਕਤੀ ਆਸਾਨੀ ਨਾਲ ਕਤਲ ਕਰਵਾ ਰਹੇ ਹਨ। ਵੱਡੀ ਗੱਲ ਇਹ ਹੈ ਕਿ ਜੇਕਰ ਇਨ੍ਹਾਂ ਦੇ ਬਾਹਰਲੇ ਨੈੱਟਵਰਕਾਂ ਨੂੰ ਜੇਲਾਂ ਵਿਚ ਹੀ ਖਤਮ ਕਰ ਦਿਤਾ ਜਾਵੇ ਤਾਂ ਉਹ ਬਾਹਰੋਂ ਕੋਈ ਗਤੀਵਿਧੀ ਨਹੀਂ ਕਰ ਸਕਣਗੇ। ਪਰ ਅਜਿਹਾ ਨਹੀਂ ਹੈ। ਜੇਲ੍ਹਾਂ ਵਿਚ ਬੰਦ ਹੋਣ ਤੋਂ ਬਾਅਦ ਵੀ ਉਹ ਆਪਣਾ ਨੈਟਵਰਕ ਬਾਹਰ ਪੂਰੀ ਤਰ੍ਹਾਂ ਨਾਲ ਸਥਾਪਤ ਕਰ ਚੁੱਕੇ ਹਨ। ਦੂਜੀ ਗੱਲ ਇਹ ਹੈ ਕਿ ਜਦੋਂ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਤਾਂ ਸਰਕਾਰ ਅਤੇ ਮੀਡੀਆ ਉਸ ਨੂੰ ਬਹੁਤ ਜ਼ਿਆਦਾ ਪ੍ਰਚਾਰਦੇ ਹਨ ਅਤੇ ਉਨ੍ਹਾਂ ਨੂੰ ਇਕ ਹੀਰੋ ਵਾਂਗ ਪੇਸ਼ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਭਾਰੀ ਸੁਰੱਖਿਆ ਹੇਠ ਲੈ ਕੇ ਪੁਲਿਸ ਦੇ ਵੱਡੇ ਅਧਿਕਾਰੀ ਘੁੰਮਦੇ ਹੋਏ, ਉਨ੍ਹਾਂ ਦੀਆਂ ਵੀਡੀਓ ਫੋਟੋਆਂ ਮੀਡੀਆ ’ਤੇ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ।ਇਸ ਗੱਲ ਦਾ ਯੂਖ ਵਰਗ ਤੇ ਬੇ-ਹੱਦ ਅਸਰ ਪੈਂਦਾ ਹੈ। ਜੋ ਅੱਗੇ ਹੋਰ ਅਪਰਾਧੀ ਪੈਦਾ ਕਰਦਾ ਹੈ। ਜਿਸ ਦੀ ਮਿਸਾਲ ਸਿੱਧੂ ਮੂਸੇ ਵਾਲਾ ਦੇ ਕਤਲ ਅਤੇ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਵਿੱਚ ਸ਼ਾਮਲ ਨਾਬਾਲਗ ਲੜਕਿਆਂ ਤੋਂ ਮਿਲਦੀ ਹੈ। ਜੇਕਰ ਹੋਰ ਗੈਂਗਸਟਰ ਪੈਦਾ ਨਹੀਂ ਕਰਨੇ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਹੀਰੋ ਵਜੋਂ ਪੇਸ਼ ਕਰਨਾ ਸਰਕਾਰ ਅਤੇ ਮੀਡੀਆ ਬੰਦ ਕਰੇ। ਜੇਲ੍ਹਾਂ ’ਚ ਬੰਦ ਹੋਣ ਦੇ ਬਾਵਜੂਦ ਬਾਹਰੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਮੀਡੀਆ ’ਚ ਹੀਰੋ ਦੇ ਤੌਰ ’ਤੇ ਦਿਖਾਉਣ ’ਤੇ ਮੁਕੰਮਲ ਪਾਬੰਦੀ ਹੋਣੀ ਚਾਹੀਦੀ ਹੈ। ਜੇ ਲੋਕ ਬਾਹਰ ਵਿਦੇਸ਼ਾਂ ਵਿਚ ਬੈਠ ਕੇ ਜਾਂ ਜੇਲਾਂ ਵਿਚ ਨਜਰਬੰਦ ਹੁੰਦੇ ਹੋਏ ਵੀ ਬਾਹਰ ਸੰਗੀਨ ਅਪਰਾਧਾਂ ਨੂੰ ਅੰਜਾਮ ਦਿੰਦੇ ਹਨ ਉਨ੍ਹਾਂ ਖਿਲਾਫ ਹੋਣ ਵਾਲੀ ਕਾਰਵਾਈ ਨੂੰ ਜਨਤਕ ਤੌਰ ਤੇ ਬਾਹਰ ਪੇਸ਼ ਨਾ ਕੀਤਾ ਜਾਵੇ।
ਹਰਵਿੰਦਰ ਸਿੰਘ ਸੱਗੂ ।