ਏ ਡੀ ਜੀ ਪੀ ਯਾਦਵ ਅਤੇ ਐਸ.ਐਸ.ਪੀ ਵਲੋਂ ਖੁਦ ਕੀਤੀ ਇਸ ਮੁਹਿੰਮ ਦੀ ਅਗਵਾਈ
ਜਗਰਾਓਂ, 15 ਨਵੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ )- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਪੰਜਾਬ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਸਖ਼ਤ ਹੋਈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਉੱਚ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਜਿਸ ਦੇ ਤਹਿਤ ਮੰਗਲਵਾਰ ਨੂੰ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ ’ਤੇ ਪੰਜਾਬ ਭਰ ’ਚ ਵਿਆਪਕ ਸਰਚ ਮੁਹਿੰਮ ਚਲਾਈ ਗਈ। ਜਿਸ ਦੇ ਤਹਿਤ ਪੁਲਿਸ ਜ਼ਿਲ੍ਹਾ ਲੁਧਿਆਣਾ ਦੇ ਦਿਹਾਤੀ ਇਲਾਕੇ ਸਿੱਧਵਾਂਬੇਟ, ਥਾਣਾ ਹਠੂਰ, ਦਿਹਾਤੀ ਖੇਤਰ ਦੇ ਵੱਖ-ਵੱਖ ਪਿੰਡਾਂ ਅਤੇ ਜਗਰਾਉਂ ਦੇ ਮੁਹੱਲਾ ਗਾਂਧੀ ਨਗਰ ਵਿੱਚ ਭਾਰੀ ਪੁਲਿਸ ਫੋਰਸ ਨਾਲ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਜਿਸ ਦੀ ਅਗਵਾਈ ਖੁਦ ਏ ਡੀ ਜੀ ਪੀ ਐਲ ਕੇ ਯਾਦਵ ਅਤੇ ਲੁਧਿਆਣਾ ਦਿਹਾਤੀ ਦੇ ਇੰਚਾਰਜ ਐਸ.ਐਸ.ਪੀ ਹਰਜੀਤ ਸਿੰਘ ਨੇ ਕੀਤੀ। ਇਲਾਕੇ ਦੇ ਥਾਣਾ ਸਿੱਧਵਾਂਬੇਟ ਅਧੀਨ ਪੈਂਦੇ ਪਿੰਡ ਮਲਸੀਹਾਂ ਬਾਜਾਨ, ਕੁਲ ਗਹਿਣਾ ਅਤੇ ਪਿੰਡ ਕਾਉਂਕੇ ਕਲਾਂ ਸਮੇਤ ਥਾਣਾ ਹਠੂਰ ਦੇ ਪਿੰਡ ਡੱਲਾ ਅਤੇ ਜਗਰਾਓਂ ਦੇ ਰਾਏਕੋਟ ਰੋਡ ’ਤੇ ਸਥਿਤ ਮੁਹੱਲਾ ਗਾਂਧੀ ਨਗਰ ਸਮੇਤ ਹੋਰਨਾਂ ਪਿੰਡਾਂ ਵਿੱਚ ਵੱਡੇ ਪੱਧਰ ’ਤੇ ਸਮੂਹਿਕ ਤਲਾਸ਼ੀ ਕੀਤੀ ਗਈ। ਇਸ ਤਲਾਸ਼ੀ ਮੁਹਿੰਮ ਵਿੱਚ ਪੁਲਿਸ ਨੂੰ ਕੋਈ ਵੀ ਗੰਭੀਰ ਅਪਰਾਧੀ, ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਅਤੇ ਜਾਂ ਨਜਾਇਜ਼ ਹਥਿਆਰ ਨਹੀਂ ਮਿਲੇ। ਇਸ ਸਬੰਧੀ ਐਸਐਸਪੀ ਹਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਚਲਾਈ ਗਈ ਸਰਚ ਮੁਹਿੰਮ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਛਾਪੇਮਾਰੀ ਕੀਤੀ ਗਈ ਹੈ। ਜਿਸ ਵਿਚ 4 ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ, 5 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਅਤੇ 7 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ, ਜੋ ਕਿ ਬਿਨਾਂ ਦਸਤਾਵੇਜ਼ਾਂ ਦੇ ਪਾਏ ਗਏ ਸਨ। ਇਨ੍ਹਾਂ ਸਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

