Home ਧਾਰਮਿਕ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੀ ਵਲੋਂ ਸ਼੍ਰੀ ਰਾਮ ਮੰਦਰ ਵਿੱਚ ਸਤਿਸੰਗ ਪ੍ਰੋਗਰਾਮ...

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੀ ਵਲੋਂ ਸ਼੍ਰੀ ਰਾਮ ਮੰਦਰ ਵਿੱਚ ਸਤਿਸੰਗ ਪ੍ਰੋਗਰਾਮ ਦਾ ਆਯੋਜਨ

287
0

ਜਗਰਾਉਂ, 22 ਨਵੰਬਰ ( ਰਾਜਨ ਜੈਨ, ਰੋਹਿਤ ਗੋਇਲ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ  ਜਗਰਾਉਂ ਵਿਖੇ ਮੁਹੱਲਾ ਪਰਤਾਪ ਨਗਰ ਵਿੱਚ ਸ਼੍ਰੀ ਰਾਮ ਮੰਦਰ ਵਿੱਚ ਸਤਿਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਯਾ ਸਾਧਵੀ ਮਨਸਵਿਨੀ ਭਾਰਤੀ ਨੇ ਆਪਣੇ ਵਿਚਾਰਾਂ ਰਾਹੀਂ ਕਿਹਾ ਕਿ ਇੱਕ ਪੱਛਮੀ ਦਾਰਸ਼ਨਿਕ ਨੇ ਸਮੇਂ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਕਿਹਾ ਕਿ ਸਮਾਂ ਹੀ ਧਨ ਹੈ। ਪਰ ਸਮਾਂ ਕੋਈ ਸੰਪੱਤੀ ਨਹੀਂ ਹੈ, ਇਹ ਇਸ ਤੋਂ ਵੱਧ ਹੈ ਕਿਉਂਕਿ ਤੁਸੀਂ ਗੁਆਚੀ ਜਾਇਦਾਦ ਵਾਪਸ ਪ੍ਰਾਪਤ ਕਰ ਸਕਦੇ ਹੋ। ਤੁਸੀਂ ਮਿਹਨਤ ਨਾਲ ਦੁਬਾਰਾ ਕਮਾ ਸਕਦੇ ਹੋ, ਪਰ ਸਮਾਂ ਕਦੇ ਵਾਪਸ ਨਹੀਂ ਆਉਂਦਾ। ਰਾਵਣ ਨੇ ਇਹ ਉਪਦੇਸ਼ ਲਕਸ਼ਮਣ ਜੀ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਦਿੱਤਾ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਰਾਮ-ਰਾਵਣ ਯੁੱਧ ਆਖਰੀ ਪੜਾਅ ‘ਚੋਂ ਲੰਘ ਰਿਹਾ ਸੀ।ਸ਼੍ਰੀ ਰਾਮ ਦੇ ਅਮੁੱਕ ਤੀਰ ਨੇ ਰਾਵਣ ਦੀ ਨਾਭੀ ਨੂੰ ਵਿੰਨ੍ਹਿਆ ਸੀ। ਰਾਵਣ ਲਹੂ ਲੁਹਾਣ ਹੋਇਆ ਜ਼ਿੰਦਗੀ ਦੇ ਆਖਰੀ ਸਾਹ ਲੈ ਰਹੇ ਸੀ। ਉਸ ਸਮੇਂ ਭਗਵਾਨ ਰਾਮ ਨੇ ਲਕਸ਼ਮਣ ਨੂੰ ਰਾਵਣ ਕੋਲ ਸਿੱਖਿਆ ਪ੍ਰਾਪਤ ਕਰਨ ਲਈ ਭੇਜਿਆ ਸੀ। ਆਪਣੇ ਭਰਾ ਤੋਂ ਪ੍ਰੇਰਨਾ ਲੈ ਕੇ ਲਕਸ਼ਮਣ ਨੇ ਵੀ ਅਜਿਹਾ ਹੀ ਕੀਤਾ। ਉਸ ਸਮੇਂ ਰਾਵਣ ਨੇ ਲਕਸ਼ਮਣ ਜੀ ਨੂੰ ਇੱਕ ਗੱਲ ਕਹੀ “ਕਦੇ ਵੀ ਸ਼ੁਭ ਕਰਮ ਕਲ ਤੇ ਨਾ ਟਾਲੋ । ਕੱਲ੍ਹ ਦਾ ਦੂਜਾ ਨਾਮ ਕਾਲ ਹੈ”। ਰਾਵਣ ਨੇ ਕਿਹਾ ਕਿ ਮੇਰੇ ਕੋਲ ਐਨੀ ਸਮਰੱਥਾ ਸੀ ਕਿ ਮੈਂ ਸਾਗਰ ਦੇ ਖਾਰੇ ਪਾਣੀ ਨੂੰ ਮਿੱਠਾ ਕਰ ਸਕਦਾ ਸੀ, ਧਰਤੀ ਤੋ ਅਸਮਾਨ ਤੱਕ ਇੱਕ ਪੌੜੀ ਲਗਾ ਸਕਦਾ ਸੀ। ਪਰ ਮੈਂ ਸਾਰੇ ਚੰਗੇ ਕੰਮ ਕੱਲ ਤੇ ਟਾਲਦਾ ਰਿਹਾ। ਸਮਾਂ ਇਵੇਂ ਹੀ ਬੀਤ ਗਿਆ ਹੈ, ਹੁਣ ਮੇਰੇ ਕੋਲ ਪਛਤਾਉਣ ਤੋਂ ਸਿਵਾਏ ਕੁਝ ਨਹੀਂ ਬਚਿਆ।

                  ਸਾਧਵੀ ਜੀ ਨੇ ਕਿਹਾ ਇਸ ਲਈ ਸਮਝਦਾਰੀ ਏਸੇ ਵਿੱਚ ਹੈ ਕਿ ਅਸੀਂ ਸਮੇਂ ਨੂੰ ਦੌਲਤ ਨਾਲੋਂ ਵੀ ਵੱਧ ਕੀਮਤੀ ਸਮਝੀਏ ਅਤੇ ਇਸ ਦੀ ਸਹੀ ਵਰਤੋਂ ਕਰੀਏ। ਸਿਰਫ਼ ਸੰਸਾਰ ਦੇ ਕੰਮਾਂ ਲਈ ਹੀ ਨਹੀਂ, ਮਨੁੱਖੀ ਜੀਵਨ ਦੇ ਸਰਵਉਚ ਲਕਸ਼ ਨੂੰ ਪ੍ਰਾਪਤ ਕਰਨ ਲਈ ਵੀ ਕੋਸ਼ਿਸ਼ ਕਰੀਏ। ਸਮੇਂ ਨੂੰ ਸਿਰਫ ਕੱਟੀਏ ਜਾਂ ਬਿਤਾਈਏ ਨਹੀਂ ਬਲਕਿ ਪਰਮਾਤਮਾ ਨੂੰ ਜਾਣ ਕੇ ਭਗਤੀ ਕਰਦੇ ਹੋਏ ਜੀਵਨ ਨੂੰ ਸਾਰਥਕ ਕਰੀਏ। ਇਸ ਮੌਕੇ ਸਾਧਵੀ ਰਜਨੀ ਭਾਰਤੀ ਜੀ ਨੇ ਸੁੰਦਰ ਭਜਨਾਂ ਦਾ ਗੁਣਗਾਣ ਕੀਤਾ।

LEAVE A REPLY

Please enter your comment!
Please enter your name here