ਜਗਰਾਉਂ, 22 ਨਵੰਬਰ ( ਲਿਕੇਸ਼ ਸ਼ਰਮਾਂ, ਧਰਮਿੰਦਰ)-ਸਥਾਨਕ ਮੁਹੱਲਾ ਰਾਣੀਵਾਲਾ ਖੂਹ ਨੇੜੇ ਮੰਗਲਵਾਰ ਸਵੇਰੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਘਰ ਨੂੰ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਕਮਰੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਬੁੱਧਰਾਮ ਵਾਸੀ ਭਗਵਾਨ ਵਾਲਮੀਕਿ ਮੰਦਰ ਵਾਲੀ ਗਲੀ, ਵਾਰਡ ਨੰਬਰ 7, ਮੁਹੱਲਾ ਰਾਣੀਵਾਲਾ ਖੂਹ ਅਤੇ ਉਸ ਦਾ ਪਰਿਵਾਰ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਘਰੋਂ ਕੰਮ ’ਤੇ ਗਏ ਹੋਏ ਸਨ। ਬਾਅਦ ‘ਚ ਘਰ ‘ਚ ਅਚਾਨਕ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਕਮਰੇ ਨੂੰ ਅੱਗ ਲੱਗ ਗਈ। ਧੂੰਆਂ ਨਿਕਲਦਾ ਦੇਖ ਕੇ ਗੁਆਂਢੀਆਂ ਨੇ ਬਲਵਿੰਦਰ ਸਿੰਘ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੇ ਘਰ ਨੂੰ ਅੱਗ ਲੱਗੀ ਹੋਈ ਹੈ, ਧੂੰਆਂ ਨਿਕਲ ਰਿਹਾ ਹੈ। ਜਦੋਂ ਉਹ ਘਰ ਪਹੁੰਚਿਆ ਤਾਂ ਦੇਖਿਆ ਕਿ ਅੱਗ ਕਾਰਨ ਕਮਰੇ ਵਿੱਚ ਪਿਆ ਸਾਰਾ ਸਮਾਨ ਸੜ ਗਿਆ ਸੀ। ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਅੱਗ ‘ਤੇ ਕਾਬੂ ਪਾਇਆ ਗਿਆ।ਸਾਬਕਾ ਕੌਂਸਲਰ ਅਮਰਨਾਥ ਕਲਿਆਣ ਨੇ ਕਿਹਾ ਕਿ ਇਹ ਗਰੀਬ ਮਿਹਨਤੀ ਪਰਿਵਾਰ ਹੈ। ਅੱਗ ਲੱਗਣ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।
