ਮੋਗਾ, 1 ਦਸੰਬਰ: ( ਕੁਲਵਿੰਦਰ ਸਿੰਘ) -ਵਿਸ਼ਵ ਮੱਛੀ ਪਾਲਣ ਦਿਵਸ ਸਿਹਤਮੰਦ ਸਮੁੰਦਰੀ ਪਰਿਆਵਰਣ ਪ੍ਰਣਾਲੀਆਂ ਦੇ ਮਹੱਤਵ ਨੂੰ ਉਜਾਗਰ ਕਰਨ ਅਤੇ ਵਿਸ਼ਵ ਵਿੱਚ ਮੱਛੀ ਪਾਲਣ ਦੇ ਟਿਕਾਊ ਭੰਡਾਰ ਨੂੰ ਯਕੀਨੀ ਬਣਾਉਣ ਕਰਕੇ ਮਨਾਇਆ ਜਾਂਦਾ ਹੈ। ਮੱਛੀ ਪਾਲਣ ਦਾ ਸਹਾਇਕ ਧੰਦਾ ਕਰਨ ਵਾਲੇ ਰੈਲੀਆਂ, ਵਰਕਸ਼ਾਪਾਂ, ਜਨਤਕ ਮੀਟਿੰਗਾਂ, ਸੱਭਿਆਚਾਰਕ ਮੀਟਿੰਗਾਂ, ਸੱਭਿਆਚਾਰਕ ਨਾਟਕਾਂ, ਪ੍ਰਦਰਸ਼ਨੀਆਂ ਅਤੇ ਸੰਗੀਤ ਸ਼ੋਆਂ ਆਦਿ ਜਰੀਏ ਇਸ ਦਿਵਸ ਨੂੰ ਮਨਾਉਂਦੇ ਹਨ।ਜਾਣਕਾਰੀ ਦਿੰਦਿਆਂ ਮੱਛੀ ਪਾਲਣ ਅਫ਼ਸਰ ਮੋਗਾ ਡਾ. ਬਲਜੋਤ ਸਿੰਘ ਮਾਨ ਨੇ ਦੱਸਿਆ ਕਿ ਮੱਛੀ ਪਾਲਣ ਵਿਭਾਗ ਮੋਗਾ ਵੱਲੋਂ ਵੀ ਵਿਸ਼ਵ ਮੱਛੀ ਪਾਲਣ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਮੱਛੀ ਪਾਲਣ ਵਾਲੇ ਕਿਸਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਕੈਂਪ ਨੂੰ ਸਾਕਾਰਤਮਕ ਫੀਡਬੈਕ ਦਿੱਤਾ। ਟ੍ਰੇਨਿੰਗ ਕੈਂਪ ਵਿੱਚ ਮਾਹਿਰਾਂ ਵੱਲੋਂ ਤਕਨੀਕੀ ਅਤੇ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ।ਉਨ੍ਹਾਂ ਦੱਸਿਆ ਕਿ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਡਾ. ਹਰਵੀਨ ਕੌਰ ਧਾਲੀਵਾਲ, ਸਹਾਇਕ ਡਾਇਰੈਕਟਰ ਮੱਛੀ ਪਾਲਣ ਦਲਬੀਰ ਸਿੰਘ, ਮੱਛੀ ਪ੍ਰਸਾਰ ਅਫ਼ਸਰ ਮਨਜੋਤ ਕੌਰ, ਮੱਛੀ ਪਾਲਣ ਅਫ਼ਸਰ ਬਲਜੋਤ ਸਿੰਘ ਮਾਨ, ਮੱਛੀ ਪਾਲਣ ਅਫ਼ਸਰ ਹਰਮਨਪ੍ਰੀਤ ਕੌਰ, ਮੱਛੀ ਪਾਲਣ ਅਫ਼ਸਰ ਨਰਿੰਦਰ ਕੌਰ ਆਦਿ ਵੱਲੋਂ ਤਕਨੀਕੀ ਅਤੇ ਮਹੱਤਵਪੂਰਨ ਭਾਸ਼ਣ ਦਿੱਤਾ ਗਿਆ।ਡਾ. ਬਲਜੋਤ ਸਿੰਘ ਮਾਨ ਨੇ ਦੱਸਿਆ ਕਿ ਇਸ ਦੌਰਾਨ ਕਿਸਾਨਾਂ ਨੂੰ ਸਰਕਾਰੀ ਮੱਛੀ ਪੂੰਗ ਫਾਰਮ ਮੋਹੀ ਜੋ ਕਿ ਲੁਧਿਆਣਾ ਵਿਖੇ ਸਥਿਤ ਹੈ ਵਿਖੇ ਵਿਜ਼ਟ ਵੀ ਕਰਵਾਇਆ ਗਿਆ।ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਦਾ ਸਹਾਇਕ ਧੰਦਾ ਅਪਣਾਉਣ ਵਾਲਿਆਂ ਨੂੰ ਪੰਜਾਬ ਸਰਕਾਰ ਹਰ ਸੰਭਵ ਸਹਾਇਤਾ ਪ੍ਰਦਾਨ ਕਰਵਾ ਰਹੀ ਹੈ। ਉਨ੍ਹਾਂ ਮੱਛੀ ਪਾਲਣ ਵਾਲੇ ਕਿਸਾਨਾਂ ਲਈ ਮੱਛੀ ਪਾਲਣ ਦੀਆਂ ਸਹਾਇਕ ਸਕੀਮਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
