ਫ਼ਤਹਿਗੜ੍ਹ ਸਾਹਿਬ, 05 ਦਸੰਬਰ: ( ਧਰਮਿੰਦਰ, ਮਿਅੰਕ ਜੈਨ )-ਲੋਕਤੰਤਰ ਦੀ ਮਜਬੂਤੀ ਵਿੱਚ ਸਾਰੇ ਨਾਗਰਿਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਇਸੇ ਲੜੀ ਤਹਿਤ 18-19 ਸਾਲ ਦੇ ਨੌਜਵਾਨਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਪਹਿਲਾਂ ਜਿਥੇ 1 ਜਨਵਰੀ ਦੀ ਯੋਗਤਾ ਮਿਤੀ ਦੇ ਆਧਾਰ ਤੇ ਵੋਟਾਂ ਬਣਾਈਆਂ ਜਾਂਦੀਆਂ ਸਨ ਹੁਣ 01 ਜਨਵਰੀ ਦੇ ਨਾਲ 01 ਅਪ੍ਰੈਲ, 01 ਜੁਲਾਈ ਅਤੇ 01 ਅਕਤੂਬਰ ਵੀ ਤੈਅ ਕੀਤੀ ਗਈ ਹੈ ਤਾਂ ਜੋ ਇਨ੍ਹਾਂ ਮਿਤੀਆਂ ਨੂੰ 18 ਸਾਲ ਦੇ ਹੋਣ ਵਾਲੇ ਨੌਜਵਾਨਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਇਹ ਅਪੀਲ ਕੀਤੀ ਕਿ ਵੱਧ ਤੋਂ ਵੱਧ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਪ੍ਰਸ਼ਾਸ਼ਨ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਜ਼ੋ ਜ਼ਿਲ੍ਹੇ ਦੇ ਯੋਗ ਨੌਜਵਾਨਾਂ ਦੀਆਂ ਵੋਟਾਂ ਬਣਾਈਆਂ ਜਾ ਸਕਣ।
ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਪਣੇ ਚੋਣ ਹਲਕੇ ਦੇ ਪੋਲਿੰਗ ਬੂਥ ਤੇ ਬੂਥ ਲੈਵਲ ਏਜੰਟ ਨਿਯੁਕਤ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਇੱਕ ਬੂਥ ਲੈਵਲ ਏਜੰਟ ਇੱਕੋ ਸਮੇਂ ਬੂਥ ਲੈਵਲ ਅਫਸਰ ਨੂੰ 10 ਫਾਰਮ ਦੇ ਸਕਦਾ ਹੈ ਜਦੋਂ ਕਿ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੋਲਿੰਗ ਏਜੰਟ ਵੱਲੋਂ 30 ਫਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਜਾਂ ਬੂਥ ਲੈਵਲ ਏਜੰਟ ਆਪਣੇ ਬੀ.ਐਲ.ਓ. ਨੂੰ ਗਲਤ ਦਾਅਵਾ ਜਾਂ ਇਤਰਾਜ ਪੇਸ਼ ਨਾ ਕਰਨ ਕਿਉਂਕਿ ਅਜਿਹਾ ਕਰਨਾ ਗੈਰ ਕਾਨੂੰਨੀ ਹੈ। ਉਨ੍ਹਾਂ ਹੋਰ ਕਿਹਾ ਕਿ ਫਾਰਮ ਭਰਨ ਤੋਂ ਪਹਿਲਾਂ ਫਾਰਮ ਨਾਲ ਦਿੱਤੀਆਂ ਗਈਆਂ ਹਦਾਇਤਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਜਾਵੇ ਤਾਂ ਜੋ ਫਾਰਮ ਭਰਨ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨਾ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਦਾਅਵੇ ਅਤੇ ਇਤਰਾਜ ਸਬੰਧੀ ਫਾਰਮ ਹਰ ਪੱਖੋਂ ਮੁਕੰਮਲ ਕਰਕੇ ਹੀ ਜਮ੍ਹਾਂ ਕਰਵਾਏ ਜਾਣ।ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਵੀਂ ਵੋਟ ਬਣਵਾਉਣ ਲਈ ਫਾਰਮ ਨੰ: 6, ਪ੍ਰਵਾਸੀ ਭਾਰਤੀ ਦੀ ਵੋਟ ਬਣਾਉਣ ਲਈ ਫਾਰਮ ਨੰ: 6-ਏ, ਵੋਟਰ ਸੂਚੀ ਵਿੱਚ ਦਰਜ਼ ਨਾਮਾਂ ਤੇ ਇਤਰਾਜ ਹੈ ਜਾਂ ਕੋਈ ਨਾਮ ਕਟਵਾਉਣ ਲਈ ਫਾਰਮ ਨੰ: 7, ਵੋਟਰ ਸੂਚੀ ਵਿੰਚ ਦਰਜ਼ ਵੇਰਵਿਆਂ ਵਿੱਚ ਕਿਸੇ ਤਰ੍ਹਾਂ ਦੀ ਸੋਧ ਕਰਵਾਉਣ, ਇੱਕ ਹਲਕੇ ਤੋਂ ਦੂਜੇ ਹਲਕੇ ਵਿੱਚ ਰਿਹਾਇਸ਼ ਬਦਲਣ ਕਰਕੇ ਵੋਟਰ ਸੂਚੀ ਵਿੱਚ ਦਰਜ਼ ਪਤਾ ਬਦਲਣ ਲਈ, ਮੌਜੂਦਾ ਹਲਕੇ ਅੰਦਰ ਰਿਹਾਇਸ਼ ਬਦਲਣ ਕਰਕੇ ਵੋਟਰ ਸੂਚੀ ਵਿੱਚ ਦਰਜ਼ ਪਤਾ ਬਦਲਣ ਲਈ ਫਾਰਮ ਨੰ: 8 ਭਰ ਕੇ ਜ਼ਿਲ੍ਹਾ ਚੋਣ ਅਫਸਰ ਦੇ ਦਫ਼ਤਰ, ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਜਾਂ ਬੂਥ ਲੈਵਲ ਅਫਸਰ ਪਾਸ ਜਮ੍ਹਾਂ ਕਰਵਾਏ ਜਾ ਸਕਦੇ ਹਨ।ਸ਼੍ਰੀਮਤੀ ਸ਼ੇਰਗਿੱਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ ਅਤੇ ਇਸ ਦੀ ਮਜਬੂਤੀ ਲਈ ਵੋਟ ਬਣਵਾਉਣਾ ਅਤੇ ਉਸ ਦਾ ਇਸਤੇਮਾਲ ਕਰਨਾ ਸਾਡਾ ਸੰਵਿਧਾਨਕ ਹੱਕ ਵੀ ਹੈ ਅਤੇ ਦੇਸ਼ ਪ੍ਰਤੀ ਸਾਡੀ ਜਿੰਮੇਵਾਰੀ ਵੀ ਬਣਦੀ ਹੈ, ਇਸ ਲਈ ਨੌਜਵਾਨ ਆਪਣੀ ਵੋਟ ਬਣਵਾਉਣ ਲਈ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in ਜਾਂ ਮੋਬਾਇਲ ਐਪ voter helpline ਰਾਹੀਂ ਆਨ ਲਾਈਨ ਵੀ ਵੋਟਾਂ ਬਣਵਾਈਆਂ ਜਾ ਸਕਦੀਆਂ ਹਨ। ਇਸ ਲਈ ਨੌਜਵਾਨ ਦੇਸ਼ ਪ੍ਰਤੀ ਆਪਣਾ ਫਰਜ਼ ਸਮਝਦੇ ਹੋਏ ਆਪਣੀ ਵੋਟ ਜਰੂਰ ਬਣਵਾਉਣ। ਉਨ੍ਹਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਇਹ ਅਪੀਲ ਵੀ ਕੀਤੀ ਕਿ ਫੋਟੋ ਵੋਟਰ ਸ਼ਨਾਖਤੀ ਕਾਰਡ ਨਾਲ ਆਧਾਰ ਕਾਰਡ ਲਿੰਕ ਕਰਵਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਚੋਣ ਕਮਿਸ਼ਨ ਵੱਲੋਂ ਚਲਾਈ ਗਈ ਮੁਹਿੰਮ ਸਫਲਤਾ ਸਹਿਤ ਮੁਕੰਮਲ ਕੀਤੀ ਜਾ ਸਕੇ।ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਪ੍ਰੇਮ ਸਿੰਘ ਖਾਲਸਾ, ਇੰਡੀਅਨ ਨੈਸ਼ਨਲ ਕਾਂਗਰਸ ਦੇ ਅਸ਼ੋਕ ਗੌਤਮ, ਸ਼੍ਰੋਮਣੀ ਅਕਾਲੀ ਦਲ ਦੇ ਹਰਵਿੰਦਰ ਸਿੰਘ ਬੱਬਲ, ਭਾਰਤੀ ਜਨਤਾ ਪਾਰਟੀ ਦੇ ਮਨੀਸ਼ ਧੀਮਾਨ, ਸੀ.ਪੀ.ਆਈ. ਤੋਂ ਸਿਮਰਤ ਕੌਰ ਤੇ ਪਰਗਟ ਸਿੰਘ, ਬਹੁਜਨ ਸਮਾਜ ਪਾਰਟੀ ਤੋਂ ਕੁਲਵੰਤ ਸਿੰਘ, ਚੋਣ ਤਹਿਸੀਲਦਾਰ ਨਿਰਮਲਾ ਰਾਣੀ, ਚੋਣ ਕਾਨੂੰਨਗੋ ਬ੍ਰਿਜ ਮੋਹਨ ਅਤੇ ਚੋਣ ਕਾਨੂੰਨਗੋ ਰਾਜਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।