ਜਗਰਾਓਂ, 14 ਜਨਵਰੀ ( ਭਗਵਾਨ ਭੰਗੂ, ਅਸ਼ਵਨੀ )-ਜ਼ਿਲ੍ਹਾ ਲੁਧਿਆਣਾ ਦੇਹਾਤ ਪੁਲਿਸ ਫਿਰੋਜ਼ਪੁਰ ਦੇ ਤਲਵੰਡੀ ਵਿਖੇ ਪੁਲਿਸ ਨਾਲ ਮੁਕਾਬਲੇ ਵਿਚ ਗੋਲੀ ਲੱਗਣ ਨਾਲ ਜਖਮੀ ਹੋਣ ਤੇ ਪੁਲਿਸ ਵਲੋਂ ਗਿ੍ਰਫਤਾਰ ਕੀਤੇ ਗਏ ਗੈਂਗਸਟਰ ਗੁਰਪਿਆਰ ਸਿੰਘ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਲੈਣ ਦੀ ਤਿਆਰੀ ਕਰ ਰਹੀ ਹੈ। ਸਥਾਨਕ ਪੁਲਿਸ ਨੇ ਪਿਛਲੇ ਦਿਨੀਂ ਪਿੰਡ ਬਾਰਦੇਕੇ ਵਿਖੇ ਪਰਮਜੀਤ ਸਿੰਘ ਦੇ ਘਰ ਅੰਦਰ ਦਾਖਲ ਹੋ ਕੇ ਕੀਤੇ ਗਏ ਕਤਲ ਦੇ ਸਬੰਧ ਵਿੱਚ ਵਿਦੇਸ਼ ਬੈਠੇ ਅੱਤਵਾਦੀ ਅਰਸ਼ ਡਾਲਾ ਦੇ ਸਬੰਧ ਵਿੱਚ ( ਜਿਸ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ) ਅਤੇ ਪਿਛਲੇ ਦਿਨੀਂ ਜਗਰਾਉਂ ਦੇ ਇੱਕ ਵੱਡੇ ਵਪਾਰੀ ਨੂੰ ਕਨੇਡਾ ਬੈਠੇ ਅੱਤਵਾਦੀ ਅਰਸ਼ ਡਾਲਾ ਦੇ ਨਾਮ ਹੇਠ 30 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਗੁਰਪਿਆਰ ਸਿੰਘ ਨੂੰ ਪ੍ਰੋਟਕਸ਼ਨ ਵਾਰੰਟ ਤੇ ਜਗਰਾਓਂ ਲਿਆ ਸਕਦੀ ਹੈ। ਜਿਕਰਯੋਗ ਹੈ ਕਿ ਗੈਂਗਸਟਰ ਗੁਰਪਿਆਰ ਸਿੰਘ ਵਿਦੇਸ਼ ਵਿਚ ਬੈਠੇ ਗੈਂਗਸਟਰ ਅਰਸ਼ ਡਾਲਾ ਦਾ ਸਾਥੀ ਹੈ ਅਤੇ ਪੰਜਾਬ ਪੁਲਿਸ ਨੂੰ ਕਈ ਅਪਰਾਧਿਕ ਮਾਮਲਿਆਂ ’ਚ ਗੈਂਗਸਟਰ ਗੁਰਪਿਆਰ ਸਿੰਘ ਦੀ ਭਾਲ ਸੀ। ਪੁਲੀਸ ਸੂਤਰਾਂ ਅਨੁਸਾਰ ਗੈਂਗਸਟਰ ਗੁਰਪਿਆਰ ਸਿੰਘ ਨੇ ਇੱਕ ਨਾਮੀ ਵਿਅਕਤੀ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਉਹ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਵਿੱਚ ਵੀ ਸ਼ਾਮਲ ਰਿਹਾ ਹੈ। ਫਿਲਹਾਲ ਜ਼ਖਮੀ ਗੈਂਗਸਟਰ ਗੁਰਪਿਆਰ ਸਿੰਘ ਉਥੇ ਹਸਪਤਾਲ ’ਚ ਜ਼ੇਰੇ ਇਲਾਜ ਹੈ। ਲੁਧਿਆਣਾ ਦੇਹਾਤ ਪੁਲਿਸ ਗੁਰਪਿਆਰ ਸਿੰਘ ਨੂੰ ਜਗਰਾਓਂ ਇਲਾਕੇ ਦੀਆਂ ਇਨ੍ਹਾਂ ਘਟਨਾਵਾਂ ਅਤੇ ਅਰਸ਼ ਡਾਲਾ ਦੇ ਸੰਬੰਧ ਵਿਚ ਪੁੱਛ ਗਿਛ ਲਈ ਪ੍ਰੋਟਕਸ਼ਨ ਵਾਰੰਟ ਤੇ ਲਿਆਏਗੀ।