ਢਾਕਾ 18 ਮਾਰਚ (ਬਿਊਰੋ)ਹੋਲੀ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਸਥਿਤ ਇਸਕੋਨ ਮੰਦਰ ‘ਚ ਹਮਲਾ ਹੋਇਆ ਹੈ। ਜਾਣਕਾਰੀ ਮੁਤਾਬਕ ਕਰੀਬ 150 ਲੋਕਾਂ ਦੀ ਭੀੜ ਨੇ ਮੰਦਰ ਚ ਦਾਖਲ ਹੋ ਕੇ ਭੰਨਤੋੜ ਕੀਤੀ। ਇਸ ਦੇ ਨਾਲ ਹੀ ਉਥੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਹਮਲੇ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਢਾਕਾ ਦੇ ਰਾਧਾਕਾਂਤਾ ਮੰਦਰ ‘ਚ ਹੋਇਆ ਜੋ ਇਸਕਾਨ ਦਾ ਹਿੱਸਾ ਹੈ।ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ ਲਈ ਕੰਮ ਕਰਨ ਵਾਲੀ ਇੱਕ ਸੰਸਥਾ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਸ ਹਮਲੇ ਦੀਆਂ ਕੁਝ ਤਸਵੀਰਾਂ ਅਤੇ ਜਾਣਕਾਰੀ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਮੰਦਰ ਦੀ ਕੰਧ ਢਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਥੋਂ ਸਾਮਾਨ ਵੀ ਲੁੱਟ ਲਿਆ ਗਿਆ ਹੈ।ਦੱਸਿਆ ਗਿਆ ਹੈ ਕਿ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਨੇ ਹਮਲੇ ਸਬੰਧੀ ਪੁਲੀਸ ਨੂੰ ਵੀ ਸੂਚਿਤ ਕੀਤਾ ਸੀ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਪਹਿਲਾਂ ਵੀ ਬੰਗਲਾਦੇਸ਼ ਵਿੱਚ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਪਿਛਲੇ ਸਾਲ ਅਕਤੂਬਰ ਵਿੱਚ, ਚੌਮੁਨੀ ਵਿੱਚ ਸਥਿਤ ਇਸਕੋਨ ਦੇ ਸ਼੍ਰੀ ਸ਼੍ਰੀ ਰਾਧਾਕ੍ਰਿਸ਼ਨ ਗੌਰਾ ਨਿਤਿਆਨੰਦ ਜੀ ਮੰਦਿਰ ਉੱਤੇ ਵੀ ਭੀੜ ਨੇ ਹਮਲਾ ਕੀਤਾ ਸੀ ਅਤੇ ਭੰਨ-ਤੋੜ ਕੀਤੀ ਸੀ। ਇਸ ਹਮਲੇ ‘ਚ 6 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਵੀ ਖਬਰ ਹੈ। ਇਸ ਦੇ ਨਾਲ ਹੀ ਕਈ ਹੋਰ ਸ਼ਹਿਰਾਂ ‘ਚ ਵੀ ਮੰਦਰਾਂ ‘ਤੇ ਹਮਲੇ ਹੋਏ ਸਨ।