ਜਗਰਾਉਂ, 18 ਅਪ੍ਰੈਲ ( ਵਿਕਾਸ ਮਠਾੜੂ, ਅਸ਼ਵਨੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਲੁਧਿਆਣਾ ਜਿਲੇ ਦੀਆਂ ਮੋਰਚੇ ਚ ਸ਼ਾਮਲ ਕਿਸਾਨ ਜਥੇਬੰਦੀਆਂ ਨੇ ਸਥਾਨਕ ਰੇਲਵੇ ਸਟੇਸ਼ਨ ਤੇ ਰੇਲਾਂ ਦਾ ਚੱਕਾ ਜਾਮ ਕਰਕੇ ਕੇਂਦਰ ਦੀ ਭਾਜਪਾ ਹਕੂਮਤ ਦਾ ਡਟ ਕੇ ਸਿਆਪਾ ਕੀਤਾ। ਚਾਰ ਘੰਟੇ ਲਗਾਤਾਰ ਰੇਲਵੇ ਲਾਈਨ ਤੇ ਚੱਲੇ ਇਸ ਧਰਨੇ ਚ ਹਾੜੀ ਦੀ ਵਾਢੀ ਦੇ ਕਸਾਅ ਤੇ ਮੌਸਮ ਦੇ ਮੁੜ ਵਿਗੜ ਜਾਣ ਦੇ ਫਿਕਰ ਦੇ ਚਲਦਿਆਂ ਰੇਲ ਜਾਮ ਐਕਸ਼ਨ ਚ ਵਡੀ ਗਿਣਤੀ ਚ ਭਾਗ ਲਿਆ। ਇਸ ਸਮੇਂ ਵਖ ਵਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬੋਲਦਿਆਂ ਕੇਂਦਰ ਸਰਕਾਰ ਵਲੋਂ ਕਣਕ ਮੁੱਲ ਚ ਕੀਤੀ ਜਾ ਰਹੀ ਕਟੌਤੀ ਨੂੰ ਮੌਸਮ ਦੇ ਝੰਬੇ ਕਿਸਾਨਾ ਦੇ ਜਖਮਾਂ ਤੇ ਲੂਣ ਛਿੜਕਣ ਦੇ ਤੁਲ ਕਰਾਰ ਦਿਤਾ। ਬੁਲਾਰਿਆਂ ਨੇ ਕਿਹਾ ਕਿ ਫਸਲਾਂ ਦੇ ਭਾਰੀ ਨੁਕਸਾਨ ਦੀ ਮੁਆਵਜਾ ਪੂਰਤੀ ਦਾ ਕੰਮ ਵੀ ਵੀ ਉਠ ਦੇ ਬੁੱਲ ਵਾਂਗ ਲਟਕ ਰਿਹਾ ਹੈ ਤੇ ਉਤੋਂ ਮੁੱਲ ਕਟੌਤੀ ਨੇ ਕਿਸਾਨ ਦੁਸ਼ਮਣ ਸਰਕਾਰ ਦਾ ਹੀਜ ਪਿਆਜ ਇਕ ਵੇਰ ਫਿਰ ਨੰਗਾ ਕਰ ਦਿੱਤਾ ਹੈ।ਉਨਾਂ ਮੰਗ ਕੀਤੀ ਕਿ ਕੁਦਰਤੀ ਆਫਤ ਪ੍ਰਬੰਧਨ ਫੰਡ ਚੋਂ ਫਸਲਾਂ ਦੇ ਉਜਾੜੇ ਦਾ ਮੁਆਵਜਾ ਪਹਿਲ ਦੇ ਆਧਾਰ ਤੇ ਦੇਣ ਦਾ ਕੇਂਦਰ ਸਰਕਾਰ ਘਟੋਘਟ ਪੰਜਾਹ ਹਜਾਰ ਰੁਪਏ ਪ੍ਰਤੀ ਏਕੜ ਦਾ ਐਲਾਨ ਕਰੇ।ਉਨਾਂ ਕਣਕ ਮੁਲ ਚ ਬਦਰੰਗ ਤੇ ਟੁੱਟੇ ਦਾਣੇ ਦੇ ਨੁਕਸਾਨ ਦੀ ਕਟੌਤੀ ਦੇ ਹੁਕਮ ਤੁਰਤ ਰਦ ਕਰਨ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਮੋਰਚਾ ਲੰਮੇ ਸਮੇਂ ਤੋ ਸਾਰੀਆਂ ਫਸਲਾਂ ਤੇ ਸਮਰਥਨ ਮੁੱਲ ਦੀ ਮੰਗ ਕਰਦਾ ਸੰਘਰਸ਼ ਕਰਦਾ ਆ ਰਿਹਾ ਹੈ ਪਰ ਕੇਂਦਰ ਹਕੂਮਤ ਨੇ ਕਾਲੇ ਕਨੂੰਨਾਂ ਖਿਲਾਫ ਚੱਲੇ ਸੰਘਰਸ਼ ਵਲੋਂ ਤੋੜੇ ਹਕੂਮਤੀ ਹੰਕਾਰ ਤੋਂ ਕੋਈ ਸਬਕ ਹਾਸਲ ਨਹੀਂ ਕੀਤਾ। ਉਨਾਂ ਕਿਹਾ ਕਿ ਕੇਂਦਰ ਤੇ ਪੰਜਾਬ ਦੀ ਭਗਵੰਤ ਮਾਨ ਹਕੂਮਤ ਕਣਕ ਦੀ ਖਰੀਦ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਪੰਜਾਬ ਚ ਅੱਠ ਸਾਈਲੇਜ ਖੋਲਣ ਦੇ ਰਾਹ ਤੁਰ ਪਈ ਹੈ ਜਿਸ ਦਾ ਸਿੱਟਾ ਸਰਕਾਰੀ ਖਰੀਦ ਬੰਦ ਕਰਨਾ ਹੈ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਦੋਹੇਂ ਸਰਕਾਰਾਂ ਇਨਾਂ ਕਦਮ ਤੋਂ ਬਾਜ ਆਉਣ। ਬੁਲਾਰਿਆਂ ਨੇ ਕੇਂਦਰੀ ਕਟੌਤੀ ਦੇ ਇਵਜ ਚ ਪੰਜਾਬ ਸਰਕਾਰ ਵਲੋਂ ਨੁਕਸਾਨ ਪੂਰਤੀ ਕਰਨ ਦੇ ਐਲਾਨ ਨੂੰ ਅਮਲ ਚ ਵੀ ਲਾਗੂ ਕਰਨ ਦੀ ਮੰਗ ਕੀਤੀ ।ਅੱਜ ਦੇ ਰੋਸ ਐਕਸ਼ਨ ਨੂੰ ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਹਰਦੇਵ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜਮਹੂਰੀ ਕਿਸਾਨ ਸਭਾ ਵਲੋਂ ਬਲਰਾਜ ਸਿੰਘ ਕੋਟੳਮਰਾ, ਕਿਰਤੀ ਕਿਸਾਨ ਯੂਨੀਅਨ ( ਏ ਆਈ ਕੇ ਐਮ ਐਸ) ਵਲੋਂ ਸਾਧੂ ਸਿੰਘ ਅੱਚਰਵਾਲ, ਆਲ ਇੰਡੀਆ ਕਿਸਾਨ ਸਭਾ ਵਲੋਂ ਚਮਕੌਰ ਸਿੰਘ ਬਰਮੀ, ਪੰਜਾਬ ਕਿਸਾਨ ਯੂਨੀਅਨ ਵਲੋਂ ਬੂਟਾ ਸਿੰਘ ਚਕਰ, ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਵਲੋਂ ਜਸਦੇਵ ਸਿੰਘ ਲਲਤੋਂ,ਆਲ ਇੰਡੀਆ ਕਿਸਾਨ ਸਭਾ (ਹਨਨ ਮੋਲਾ) ਵਲੋਂ ਬਲਜੀਤ ਸਿੰਘ ਗਰੇਵਾਲ, ਬੀ ਕੇ ਯੂ ਲੱਖੋਵਾਲ ਵਲੋਂ ਜੋਗਿੰਦਰ ਸਿੰਘ, ਬੀ ਕੇ ਯੂ ਡਕੌਂਦਾ ਬੁਰਜਗਿੱਲ ਵਲੋਂ ਮਹਿੰਦਰ ਸਿੰਘ ਕਮਾਲਪੁਰਾ ਨੇ ਸੰਬੋਧਨ ਕੀਤਾ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ, ਹਰਨੇਕ ਸਿੰਘ ਗੁਜਰਵਾਲ, ਸੁਖਦੇਵ ਸਿੰਘ ਅਖਾੜਾ, ਤਾਰਾ ਸਿੰਘ ਅੱਚਰਵਾਲ, ਗੁਰਮੇਲ ਸਿੰਘ ਭਰੋਵਾਲ, ਤਰਲੋਚਨ ਸਿੰਘ ਝੋਰੜਾਂ ਆਦਿ ਕਿਸਾਨ ਆਗੂ ਹਾਜ਼ਰ ਸਨ ।