ਘਟਨਾ ਦੇ 24 ਘੰਟਿਆਂ ਦੇ ਅੰਦਰ ਸਾਰੇ ਦੋਸ਼ੀ ਕੀਤੇ ਗ੍ਰਿਫਤਾਰ
ਜਗਰਾਉਂ, 24 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ, ਮੋਹਿਤ ਜੈਨ )- ਬੀਤੀ 22-23 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਘਰੇਲੂ ਝਗੜੇ ਕਾਰਨ ਆਪਣੇ ਪਤੀ ਦਾ ਗਲਾ ਘੁੱਟ ਕੇ ਕੀਤੇ ਗਏ ਕਤਲ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਸਾਰੇ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰੈਸ ਕਾਨਫਰੰਸ ਵਿੱਚ ਐਸਪੀ ਡੀ ਹਰਿੰਦਰਪਾਲ ਸਿੰਘ ਪਰਮਾਰ ਅਤੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਗੁਰਮੀਤ ਕੌਰ ਜਿਸ ਨੂੰ ਆਪਣੇ ਪਤੀ ਦਾ ਗਲਾ ਘੁੱਟ ਕੇ ਕਤਲ ਕਰਨ ਦੇ ਦੋਸ਼ ਵਿ ਮਿਫਤਕ ਦੇ ਭਤੀਜੇ ਵਰਿੰਦਰ ਸਿੰਘ ਦੇ ਬਿਆਨਾਂ ਤੇ ਮੁਦਮਾ ਦਰਜ ਕਰਕੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਹੀਰਾ ਸਿੰਘ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ੀ ਮਹਿਲਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛ ਗਿਛ ਲਈ 5 ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਦੌਰਾਨ ਗੁਰਮੀਤ ਕੌਰ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣੇ ਭਤੀਜੇ ਗਗਨਦੀਪ ਸਿੰਘ ਅਤੇ ਉਸ ਦੇ ਦੋਸਤ ਰਾਮਦਾਸ ਸਿੰਘ ਨੂੰ ਵੀ ਉਸ ਰਾਤ ਆਪਣੇ ਪਤੀ ਪ੍ਰਕਾਸ਼ ਉਰਫ਼ ਦਾ ਕਤਲ ਕਰਨ ਲਈ ਬੁਲਾਇਆ ਸੀ। ਇਸ ਖੁਲਾਸੇ ਤੋਂ ਬਾਅਦ ਇਸ ਮਾਮਲੇ ਵਿੱਚ ਗੁਰਮੀਤ ਕੌਰ ਦੇ ਭਤੀਜੇ ਗਗਨਦੀਪ ਸਿੰਘ ਉਰਫ਼ ਗੁਰਪ੍ਰੀਤ ਸਿੰਘ ਉਰਫ਼ ਗਾਂਧੀ ਅਤੇ ਉਸ ਦੇ ਦੋਸਤ ਰਾਮਦਾਸ ਸਿੰਘ ਵਾਸੀ ਪਿੰਡ ਰੋਸ਼ੀਆਣਾ ਥਾਣਾ ਮਲੋਦ ਜ਼ਿਲ੍ਹਾ ਲੁਧਿਆਣਾ ਨੂੰ ਵੀ ਨਾਮਜ਼ਦ ਕੀਤਾ ਗਿਆ ਅਤੇ ਦੋਵਾਂ ਨੂੰ ਜਗਰਾਉਂ ਦੇ ਸਾਇੰਸ ਕਾਲਜ ਨੇੜੇ ਮੋਟਰਸਾਈਕਲ ’ਤੇ ਆਉਂਦੇ ਸਮੇਂ ਗ੍ਰਿਫ਼ਤਾਰ ਕਰ ਲਿਆ।
ਵਾਰਦਾਤ ਤੋਂ ਪਹਿਲਾਂ ਤਿੰਨਾਂ ਨੇ ਪੀਤੀ ਸੀ ਸ਼ਰਾਬ-ਐਸਪੀ ਪਰਮਾਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਪ੍ਰਕਾਸ਼ ਸਿੰਘ ਉਰਫ਼ ਸੋਨੀ ਸ਼ਰਾਬ ਪੀਣ ਦਾ ਆਦੀ ਸੀ ਅਤੇ ਰੋਜ਼ਾਨਾ ਆਪਣੀ ਪਤਨੀ ਨਾਲ ਝਗੜਾ ਕਰਦਾ ਸੀ ਅਤੇ ਕੁੱਟਮਾਰ ਕਰਦਾ ਸੀ। ਜਿਸ ਕਾਰਨ ਗੁਰਮੀਤ ਕੌਰ ਕਾਫੀ ਪਰੇਸ਼ਾਨ ਸੀ। ਉਸ ਨੇ ਆਪਣੇ ਭਤੀਜੇ ਗਗਨਦੀਪ ਸਿੰਘ ਨੂੰ ਦੱਸਿਆ ਅਤੇ ਇਸ ਮੁਸੀਬਤ ਤੋਂ ਛੁਟਕਾਰਾ ਦਿਵਾਉਣ ਲਈ ਕਿਹਾ। ਜਿਸ ’ਤੇ ਗਗਨਦੀਪ ਸਿੰਘ ਨੇ ਹਾਮੀ ਭਰਦਿਆਂ ਉਸ ਨੂੰ ਕਿਸੇ ਵੀ ਸਮੇਂ ਫੋਨ ਕਰਨ ਲਈ ਕਿਹਾ। ਗੁਰਮੀਤ ਕੌਰ ਨੇ ਗਗਨਦੀਪ ਸਿੰਘ ਨੂੰ 22 ਅਪ੍ਰੈਲ ਨੂੰ ਫੋਨ ਕਰਕੇ ਆਉਣ ਲਈ ਬੁਲਾਇਆ ਸੀ ਅਤੇ ਸ਼ਟਰਿੰਗ ਦਾ ਕੰਮ ਕਰਨ ਵਾਲਾ ਗਗਨਦੀਪ ਸਿੰਘ ਆਪਣੇ ਸਾਥੀ ਰਮਦਾਸ ਨੂੰ ਆਪਣੇ ਨਾਲ ਲੈ ਕੇ ਮੋਟਰਸਾਈਕਲ ’ਤੇ ਜਗਰਾਉਂ ਕੱਚਾ ਮਲਕ ਰੋਡ ’ਤੇ ਆ ਗਏ। ਉਥੇ ਗੁਰਮੀਤ ਕੌਰ ਇੱਕ ਘਰ ਵਿੱਚ ਰੋਟੀ ਪਕਾਉਣ ਦਾ ਕੰਮ ਕਰਦੀ ਸੀ। ਉਥੋਂ ਤਿੰਨੋਂ ਇਕੱਠੇ ਘਰ ਪਹੁੰਚੇ। ਰਾਤ ਸਮੇਂ ਮ੍ਰਿਤਕ ਪ੍ਰਕਾਸ਼ ਸਿੰਘ, ਗਗਨਦੀਪ ਅਤੇ ਰਾਮਦਾਸ ਤਿੰਨਾਂ ਨੇ ਘਰ ਵਿੱਚ ਇਕੱਠੇ ਸ਼ਰਾਬ ਪੀਤੀ। ਪਹਿਲਾਂ ਤੋਂ ਵਿਉਂਤ ਅਨੁਸਾਰ ਦੋਵਾਂ ਨੇ ਪ੍ਰਕਾਸ਼ ਸਿੰਘ ਨੂੰ ਵੱਧ ਸ਼ਰਾਬ ਪਿਲਾਈ। ਜਦੋਂ ਉਹ ਪੂਰੀ ਤਰ੍ਹਾਂ ਨਸ਼ੇ ਵਿਚ ਧੁੱਤ ਹੋ ਗਿਆ ਤਾਂ ਗੁਰਮੀਤ ਕੌਰ ਅਤੇ ਇਨ੍ਹਾਂ ਦੋਵਾਂ ਨੇ ਮਿਲ ਕੇ ਉਸ ਦਾ ਗਲਾ ਘੁੱਟ ਦਿੱਤਾ। ਬਾਅਦ ਵਿੱਚ, ਉਸਦੀ ਮੌਤ ਦੀ ਤਸੱਲੀ ਕਰਨ ਲਈ ਉਨ੍ਹਾਂ ਨੇ ਉਸਦੇ ਗਲੇ ਵਿੱਚ ਪੱਗ ਦਾ ਲੜ ਪਾ ਕੇ ਉਸਦਾ ਗਲਾ ਘੁੱਟ ਦਿੱਤਾ। ਜਦੋਂ ਪ੍ਰਕਾਸ਼ ਸਿੰਘ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਤਾਂ ਗਗਨਦੀਪ ਸਿੰਘ ਅਤੇ ਰਾਮਦਾਸ ਸਿੰਘ ਉੱਥੋਂ ਚਲੇ ਗਏ। ਕਤਲ ਤੋਂ ਬਾਅਦ ਗੁਰਮੀਤ ਕੌਰ ਆਪਣੇ ਪਤੀ ਦੀ ਲਾਸ਼ ਕੋਲ ਇਕੱਲੀ ਰਹੀ ਅਤੇ ਸਵੇਰੇ ਆਪਣੇ ਪੇਕੇ ਘਰੋਂ ਆਪਣੀ ਮਾਂ ਅਤੇ ਭਰਾ ਨੂੰ ਬੁਲਾਇਆ। ਉਨ੍ਹਾਂ ਦੇ ਆਉਣ ਤੇ ਉਸਨੇ ਰੋਣਾ ਸ਼ੁਰੂ ਕਰ ਦਿੱਤਾ ਕਿ ਉਸ ਦੇ ਪਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਪਰ ਜਦੋਂ ਪ੍ਰਕਾਸ਼ ਦੇ ਭਰਾ ਅਤੇ ਭਤੀਜੇ ਵਰਿੰਦਰ ਸਿੰਘ, ਜੋ ਕਿ ਉਸੇ ਮੁਹੱਲੇ ਵਿੱਚ ਉਸਦੇ ਨਾਲ ਦੇ ਮਕਾਨਾਂ ਵਿੱਚ ਰਹਿੰਦੇ ਹਨ, ਨੇ ਪ੍ਰਕਾਸ਼ ਦੇ ਗਲੇ ’ਤੇ ਨਿਸ਼ਾਨ ਦੇਖੇ। ਜਿਸ ’ਤੇ ਉਨ੍ਹਾਂ ਨੇ ਪ੍ਰਕਾਸ਼ ਸਿੰਘ ਦੇ ਕਤਲ ਦਾ ਹਵਾਲਾ ਦਿੰਦਿਆਂ ਪੁਲੀਸ ਨੂੰ ਸੂਚਿਤ ਕਰ ਦਿੱਤਾ।