ਕੱਢੇ ਕਰਮਚਾਰੀਆਂ ਨੇ ਮਾਲ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ
ਜਗਰਾਓਂ, 4 ਜੂਨ ( ਭਗਵਾਨ ਭੰਗੂ, ਜਗਰੂਪ ਸੋਹੀ )-ਸਥਾਨਕ ਡਾ: ਹਰੀ ਸਿੰਘ ਰੋਡ ’ਤੇ ਸਥਿਤ ਇਕ ਨਿੱਜੀ ਕੰਪਨੀ ਦੇ ਮਾਲ ’ਚ ਕੰਮ ਕਰਦੇ 10 ਸੁਰੱਖਿਆ ਮੁਲਾਜ਼ਮਾਂ ਨੂੰ ਰਾਤ ਸਮੇਂ ਕੰਮ ’ਤੇ ਨਾ ਆਉਣ ਦੇ ਹੁਕਮ ਜਾਰੀ ਕਰਦਿਆਂ ਕਿਹਾ ਗਿਆ ਕਿ ਸਵੇਰੇ ਤੁਸੀਂ ਕੰਮ ਤੇ ਨਹੀਂ ਆਉਣਾ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਸਵੇਰੇ ਮਾਲ ’ਚ ਪਹੁੰਚੇ ਮੁਲਾਜ਼ਮਾਂ ਨੇ ਕੰਪਨੀ ਦੇ ਇਸ ਹੁਕਮ ’ਤੇ ਇਤਰਾਜ਼ ਜਤਾਇਆ ਅਤੇ ਉਨ੍ਹਾਂ ਨੂੰ ਰਾਤ ਨੂੰ ਨੋਟਿਸ ਦੇ ਕੇ ਨੌਕਰੀ ਤੋਂ ਬਰਖਾਸਤ ਕਰਨ ਨੂੰ ਗਲਤ ਦੱਸਿਆ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਜਿਸ ਕਰਕੇ ਉਨ੍ਹਾਂ ਨੇ ਮਾਲ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਸੀਟੂ ਦੇ ਅਹੁਦੇਦਾਰ ਵੀ ਉਨ੍ਹਾਂ ਦੀ ਹਮਾਇਤ ਵਿੱਚ ਪੁੱਜੇ ਅਤੇ ਇਨ੍ਹਾਂ ਮੁਲਾਜ਼ਮਾਂ ਦੇ ਹੱਕ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੌਕੇ ’ਤੇ ਮੌਜੂਦ ਸੁਰੱਖਿਆ ਮੁਲਾਜ਼ਮ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਨੌਕਰੀ ਤੋਂ ਕੱਢਣ ਦਾ ਕਾਰਨ ਇਹ ਦੱਸਿਆ ਗਿਆ ਕਿ ਕੰਪਨੀ ਘਾਟੇ ’ਚ ਚੱਲ ਰਹੀ ਹੈ ਤਾਂ ਉਸ ਨੇ ਕਿਹਾ ਕਿ ਕੰਪਨੀ ਨੇ ਮੈਨੂੰ ਮਹੀਨਾ ਪਹਿਲਾਂ ਹੀ ਨੌਕਰੀ ’ਤੇ ਰੱਖਿਆ ਸੀ। ਜੇਕਰ ਕੰਪਨੀ ਘਾਟੇ ’ਚ ਸੀ ਤਾਂ ਉਸ ਨੂੰ ਨੌਕਰੀ ’ਤੇ ਕਿਉਂ ਰੱਖਿਆ ਗਿਆ ਸੀ। ਇਸ ਮੌਕੇ ਮੁਲਾਜ਼ਮਾਂ ਹਰਪ੍ਰੀਤ ਸਿੰਘ, ਜਤਿੰਦਰ ਸਿੰਘ, ਇਕਬਾਲ ਸਿੰਘ, ਗਗਨਦੀਪ ਸਿੰਘ, ਹਰਦੀਪ ਸਿੰਘ, ਬਲਕਾਰ ਸਿੰਘ, ਬਲਵਿੰਦਰ ਕੌਰ, ਕਰਮਜੀਤ ਕੌਰ ਨੇ ਦੱਸਿਆ ਕਿ ਕੰਪਨੀ ਪਹਿਲਾਂ ਉਨ੍ਹਾਂ ਨੂੰ 12-12 ਘੰਟੇ ਕੰਮ ਕਰਵਾਉਂਦੀ ਸੀ ਪਰ ਹੁਣ ਉਨ੍ਹਾਂ ਨੂੰ 1 ਮਹੀਨੇ ਦੀ ਸਿਰਫ 8 ਘੰਟੇ ਦੇ ਹਿਸਾਬ ਨਾਲ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ੳਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਲਾਜੀ ਸਕਿਓਰਿਟੀ ਕੰਪਨੀ ਰਾਹੀਂ ਕੰਪਨੀ ਵਿਚ ਨੌਕਰੀ ’ਤੇ ਰੱਖਿਆ ਗਿਆ ਸੀ ਪਰ ਉਨ੍ਹਾਂ ਦਾ ਦਸਤਾਵੇਜ਼ੀ ਕੰਮ ਅਤੇ ਇੰਟਰਵਿਊ ਆਦਿ।ਉਕਤ ਕੰਪਨੀ ਦੇ ਅਧਿਕਾਰੀ ਲੈਂਦੇ ਸਨ ਅਤੇ ਇਸ ਕੰਪਨੀ ਵਿੱਚ ਨੌਕਰੀ ਪ੍ਰਾਪਤ ਕਰਨ ਦੀ ਪ੍ਰਕਿਰਿਆ ਸਰਕਾਰੀ ਨੌਕਰੀ ਪ੍ਰਾਪਤ ਕਰਨ ਨਾਲੋਂ ਵਧੇਰੇ ਗੁੰਝਲਦਾਰ ਹੈ। ਉਨ੍ਹਾਂ ਨੂੰ ਜ਼ਬਰਦਸਤੀ ਟਰਮੀਨੇਟਰ ਲੈਟਰ ਦੇ ਕੇ ਦਸਤਖਤ ਕਰਨ ਲਈ ਕਿਹਾ ਗਿਆ ਅਤੇ ਧਮਕੀ ਦਿੱਤੀ ਕਿ ਜੇਕਰ ਅਜਿਹਾ ਨਾ ਕੀਤਾ ਤਾਂ ਉਸ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਉਨਾਂ ਨੂੰ ਕਿਸੇ ਵੀ ਪ੍ਰਾਈਵੇਟ ਕੰਪਨੀ ਵਿੱਚ ਕਿਤੇ ਵੀ ਨੌਕਰੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਸਵੇਰੇ 5.30 ਵਜੇ ਡਿਊਟੀ ’ਤੇ ਪਹੁੰਚ ਜਾਂਦੇ ਸਨ ਅਤੇ ਹਰ ਕਿਸੇ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ। ਜੇਕਰ ਕੰਪਨੀ ਨੂੰ ਕੋਈ ਸਮੱਸਿਆ ਸੀ ਤਾਂ ਉਨ੍ਹਾਂ ਨੂੰ ਇੱਕ ਮਹੀਨਾ ਪਹਿਲਾਂ ਨੋਟਿਸ ਜਾਰੀ ਕਰ ਦੇਣਾ ਚਾਹੀਦਾ ਸੀ।
ਹੁਣ ਕਿੱਥੇ ਹੈ ਮੁੱਖ ਮੰਤਰੀ ਦਾ ਹਰਾ ਪੈਨ- ਸੀਪੀਆਈਐਮ ਸੀਟੂ ਦੇ ਤਹਿਸੀਲ ਕਮੇਟੀ ਮੈਂਬਰ ਕਾਮਰੇਡ ਭਰਪੂਰ ਸਿੰਘ ਵੇ ਕਿਹਾ ਕਿ ਅਸੀਂ ਤਾਂ ਪਹਿਲਾਂ ਤੋਂ ਹੀ ਕਹਿ ਰਹੇ ਹਾਂ ਕਿ ਸਰਕਾਰਾਂ ਕਾਰਪੋਰੇਟ ਘਰਾਣਿਆ ਦੇ ਹੱਥਾਂ ਵਿਚ ਖੇਡ ਰਹੀਆਂ ਹਨ। ਇਨ੍ਹਾਂ ਪਾਸ ਸਾਡੇ ਹੱਕ ਸੁਰੱਖਿਅਤ ਨਹੀਂ ਹਨ। ਹੁਣ ਉਹੀ ਤੱਥ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕੰਪਨੀ ਵੱਲੋਂ ਰਾਤੋ-ਰਾਤ ਪੰਜਾਬ ਭਰ ਦੇ ਕਰੀਬ 32 ਹਜ਼ਾਰ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਸੱਤਾ ਵਿੱਚ ਆਉਣ ਤੋਂ ਪਹਿਲਾਂ ਬੇਰੁਜ਼ਗਾਰਾਂ ਨੂੰ ਟੈਂਕੀਆਂ ਤੋਂ ਹੇਠਾਂ ਉਤਾਰ ਕੇ ਭਰੋਸਾ ਦਿਵਾਉਂਦੇ ਸਨ ਕਿ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਸਰਕਾਰ ਨੌਜਵਾਨਾਂ ਨੂੰ ਵਿਦੇਸ਼ ਨਹੀਂ ਜਾਣ ਦੇਵੇਗੀ ਅਤੇ ਨੌਜਵਾਨਾਂ ਨੂੰ ਇਥੇ ਹੀ ਰੋਜਗਾਰ ਅਆਤੇ ਨੌਕਰੀਆਂ ਦੇ ਕੇ ਸੈਟ ਕੀਤਾ ਜਾਵੇਗਾ। ਹੁਣ ਉਹ ਵਾਅਦੇ ਅਤੇ ਦਾਅਵੇ ਕਿੱਥੇ ਹਨ? ਭਗਵੰਤ ਮਾਨ ਕਹਿੰਦੇ ਸਨ ਕਿ ਉਨ੍ਹਾਂ ਦਾ ਹਰਾ ਪੈਨ ਹਮੇਸ਼ਾ ਪੰਜਾਬ ਵਾਸੀਆਂ ਦੇ ਭਲੇ ਲਈ ਚੱਲੇਗਾ ਪਰ ਹੁਣ ਇਹ ਕਿੱਥੇ ਗਾਇਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮੁਲਾਜ਼ਮ ਸਾਡੇ ਆਪਣੇ ਬੱਚੇ ਹਨ। ਉਨ੍ਹਾਂ ਨਾਲ ਕਿਸੇ ਵੀ ਸੂਰਤ ਵਿੱਚ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ। ਅਸੀਂ ਪੂਰੇ ਪੰਜਾਬ ਵਿੱਚ ਉਨ੍ਹਾਂ ਦੇ ਹੱਕ ਵਿੱਚ ਲੜਾਂਗੇ।
ਕੀ ਕਹਿਣਾ ਹੈ ਮਾਲ ਦੇ ਕਰਮਚਾਰੀ ਦਾ- ਇਸ ਸਬੰਧੀ ਮਾਲ ’ਚ ਮੌਜੂਦ ਐੱਲ.ਪੀ.ਓ ਵਿਕਾਸ ਨੇ ਦੱਸਿਆ ਕਿ ਉਕਤ ਸਾਰੇ ਕਰਮਚਾਰੀਆਂ ਨੂੰ ਕੰਪਨੀ ’ਚ ਨੌਕਰੀ ਲਈ ਏਜੰਸੀ ਰਾਹੀਂ ਭੇਜਿਆ ਜਾਂਦਾ ਹੈ ਅਤੇ ਇਨ੍ਹਾਂ ਦੇ ਸਾਰੇ ਪ੍ਰਬੰਧ ਵੀ ਇਸੇ ਏਜੰਸੀ ਵਲੋਂ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਦੀ ਤਨਖਾਹ ਵੀ ਏਜੰਸੀ ਦੁਆਰਾ ਭੁਗਤਾਨ ਕੀਤਾ ਜਾਂਦਾ ਹੈ। ਅਸੀਂ ਉਨ੍ਹਾਂ ਕਰਮਚਾਰੀਆਂ ਬਾਰੇ ਅਤੇ ਮੌਜੂਦਾ ਸਥਿਤੀ ਏਜੰਸੀ ਦੇ ਅਧਿਕਾਰੀਆਂ ਨੂੰ ਦੱਸ ਦਿੱਤੀ ਹੈ। ਉਹ ਹੀ ਇਨਾਂ ਬਾਰੇ ਕੋਈ ਫੈਸਲਾ ਲੈ ਸਕਦੇ ਹਨ।
ਕੀ ਕਹਿਣਾ ਹੈ ਏਜੰਸੀ ਦੇ ਸੁਪਰਵਾਈਜ਼ਰ ਦਾ-ਇਸ ਸਬੰਧ ’ਚ ਇਨ੍ਹਾਂ ਨੌਜਵਾਨਾਂ ਨੂੰ ਨੌਕਰੀ ’ਤੇ ਰੱਖਣ ਵਾਲੀ ਏਜੰਸੀ ਦੇ ਸੁਪਰਵਾਈਜ਼ਰ ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਰਵਿਸ ਪ੍ਰੋਵਾਈਡਰ ਹਾਂ। ਅਸੀਂ ਕੰਪਨੀ ਨੂੰ ਜਿੰਨੇ ਕਰਮਚਾਰੀ ਚਾਹੀਦੇ ਸਨ, ਉਨ੍ਹਾਂ ਨੂੰ ਮੁਹੱਈਆ ਕਰਵਾਏ ਸਨ। ਪਰ ਹੁਣ ਕੰਪਨੀ ਘਾਟੇ ਕਾਰਨ ਕਰਮਚਾਰੀਆਂ ਨੂੰ ਨੌਕਰੀ ’ਤੇ ਨਹੀਂ ਰੱਖਣਾ ਚਾਹੁੰਦੀ। ਇਸ ਲਈ ਮੇਰੇ ਹੱਥ ਵਿਚ ਕੁਝ ਨਹੀਂ ਹੈ। ਮੁਲਾਜ਼ਮਾਂ ਨੂੰ ਨੋਟਿਸ ਦੇਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਸੂਚੀ ਰਾਤ ਨੂੰ ਦਿੱਤੀ ਗਈ ਸੀ, ਜਿਸ ਬਾਰੇ ਉਨ੍ਹਾਂ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਜਾਣੂ ਕਰਵਾਇਆ।