ਭ੍ਰਿਸ਼ਟਾਚਾਰ ਐਕਟ ਤਹਿਤ ਮਾਮਲਾ ਦਰਜ, ਜਾਂਚ ਵਿਜੀਲੈਂਸ ਨੂੰ ਸੌਂਪੀ
ਜਗਰਾਉਂ, 7 ਜੂਨ ( ਭਗਵਾਨ ਭੰਗੂ, ਜਗਰੂਪ ਸੋਹੀ )-ਪਿਛਲੇ ਦਿਨੀਂ ਥਾਣਾ ਸੁਧਾਰ ’ਚ ਤਾਇਨਾਤ ਏ.ਐੱਸ.ਆਈ ਗੁਰਮੀਤ ਸਿੰਘ ਗਾਗੇਵਾਲ ਨੂੰ ਹਲਵਾਰਾ ਬੱਸ ਸਟੈਂਡ ਤੋਂ ਪੰਦਰਾਂ ਸੌ ਰੁਪਏ ਦੀ ਰਿਸ਼ਵਤ ਲੈਂਦਿਆਂ ਪਬਲਿਕ ਵਲੋਂ ਵਿਜੀਲੈਂਸ ਵਾਂਗ ਜਾਲ ਵਿਛਾ ਕੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਅਤੇ ਉਸ ਤੋਂ ਰਿਸ਼ਵਤ ਵਜੋਂ ਲਏ ਗਏ ਪੈਸੇ ਵਾਪਸ ਕਰਵਾਏ ਗਏ। ਇਸ ਸਾਰੀ ਘਟਨਾ ਦੀ ਵੀਡੀਓਗ੍ਰਾਫੀ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਈ। ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਐਸ.ਐਸ.ਪੀ ਨੇ ਉਸਨੂੰ ਥਾਣਾ ਸੁਧਾਰ ਤੋਂ ਪੁਲਿਸ ਲਾਈਨ ਭੇਜ ਦਿੱਤਾ। ਐਸ.ਐਸ.ਪੀ ਦੀਆਂ ਹਦਾਇਤਾਂ ’ਤੇ ਰਿਸ਼ਵਤ ਲੈਣ ਵਾਲੇ ਏ.ਐਸ.ਆਈ ਗੁਰਮੀਤ ਸਿੰਘ ਖਿਲਾਫ ਸ਼ਿਕਾਇਤਕਰਤਾ ਪਿ੍ਰਤਪਾਲ ਸਿੰਘ ਵਾਸੀ ਹਲਵਾਰਾ ਦੇ ਬਿਆਨਾਂ ’ਤੇ ਥਾਣਾ ਸੁਧਾਰ ਵਿਖੇ ਭ੍ਰਿਸ਼ਟਾਚਾਰ ਐਕਟ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਅਗਲੇਰੀ ਕਾਰਵਾਈ ਲਈ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ ਗਈ ਹੈ।
ਇਹ ਸੀ ਮਾਮਲਾ-ਥਾਣਾ ਸੁਧਾਰ ਦੇ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਵਾਸੀ ਹਲਵਾਰਾ ਨੇ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਇੱਕ ਆਟੋ ਖਰੀਦਿਆ ਸੀ। ਜੋ ਕਿ ਉਸ ਨੇ ਦੋ ਸਾਲ ਪਹਿਲਾਂ ਅੰਮ੍ਰਿਤ ਨਿਵਾਸੀ ਸੁਧਾਰ ਨੂੰ ਵੇਚ ਦਿੱਤਾ ਸੀ ਅਤੇ ਕੁੱਲ ਰਕਮ ਵਿੱਚੋਂ ਪੰਜਾਹ ਹਜ਼ਾਰ ਰੁਪਏ ਬਕਾਇਆ ਰਹਿ ਗਏ ਸਨ। ਜਿਸ ਦਾ ਚੈੱਕ ਉਸ ਨੇ ਦਿੱਤਾ ਸੀ। ਇਸ ਤੋਂ ਬਾਅਦ ਅੰਮ੍ਰਿਤ ਸਿੰਘ ਨੇ ਉਸ ਨਾਲ ਰਾਬਤਾ ਕਾਇਮ ਕਰਦੇ ਹੋਏ ਪੈਸੇ ਦੇਣ ਲਈ ਉਸ ਨੂੰ ਦਿਲਾਸਾ ਦਿੱਤਾ, ਪਰ ਬਾਅਦ ਵਿਚ ਉਸ ਦਾ ਫੋਨ ਵੀ ਬੰਦ ਕਰ ਦਿੱਤਾ ਅਤੇ ਉਸ ਦਾ ਚੈੱਕ ਵੀ ਕੈਸ਼ ਨਹੀਂ ਹੋਇਆ। ਕਰੀਬ 2 ਸਾਲ ਬਾਅਦ ਜਦੋਂ ਪ੍ਰਿਤਪਾਲ ਸਿੰਘ ਦਾ ਆਟੋ ਹਲਵਾਰਾ ਤੋਂ ਜਾ ਰਿਹਾ ਸੀ ਤਾਂ ਉਸ ਨੇ ਆਟੋ ਚਾਲਕ ਨੂੰ ਰੋਕ ਕੇ ਉਸ ਤੋਂ ਆਟੋ ਲੈ ਕੇ ਥਾਣੇ ਸੁਧਾਰ ਲੈ ਗਿਆ। ਉਥੇ ਉਸ ਦੀ ਮੁਲਾਕਾਤ ਥਾਣਾ ਸੁਧਾਰ ਵਿੱਚ ਤਾਇਨਾਤ ਏਐਸਆਈ ਗੁਰਮੀਤ ਸਿੰਘ ਨਾਲ ਹੋਈ। ਜਦੋਂ ਸ਼ਿਕਾਇਤਕਰਤਾ ਨੇ ਆਟੋ ਸਬੰਧੀ ਏ.ਐਸ.ਆਈ ਨੂੰ ਘਟਨਾ ਬਾਰੇ ਦੱਸਿਆ ਤਾਂ ਉਸ ਨੇ ਆਟੋ ਦੀ ਚਾਬੀ ਲੈ ਲਈ ਅਤੇ ਦੂਜੀ ਧਿਰ ਨੂੰ ਕਿਹਾ ਕਿ ਕੱਲ੍ਹ ਸਵੇਰੇ ਉਸ ਵਿਅਕਤੀ ਨਾਲ ਨਾਲ ਲੈ ਕੇ ਆਉਣਾ ਜਿਸ ਤੋਂ ਤੁਸੀਂ ਇਹ ਆਟੋ ਖਰੀਦ ਕੀਤਾ ਹੈ। ਇਸ ਤੋਂ ਬਾਅਦ ਸਾਰੇ ਆਪੋ-ਆਪਣੇ ਘਰਾਂ ਨੂੰ ਚਲੇ ਗਏ। ਉਸ ਸਮੇਂ ਏਐਸਆਈ ਗੁਰਮੀਤ ਸਿੰਘ ਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਮਿਲ ਕੇ ਜਾਣਾ, ਜਦੋਂ ਮੈਂ ਉਨ੍ਹੰ ਪਾਸ ਗਿਆ ਤਾਂ ਉਸਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਤਿੰਨ ਹਜ਼ਾਰ ਰੁਪਏ ਦੇ ਦਿਓ। ਉਸ ਸਮੇਂ ਉਸ ਨੇ ਮੇਰੇ ਕੋਲੋਂ 25 ਸੌ ਰੁਪਏ ਲੈ ਲਏ। ਅਗਲੇ ਦਿਨ ਜਦੋਂ ਮੈਂ ਥਾਣੇਦਾਰ ਨੂੰ ਫ਼ੋਨ ਕੀਤਾ ਕਿ ਦੂਜੀ ਪਾਰਟੀ ਵਾਲੇ ਲੋਕ ਆ ਗਏ ਹਨ ਤਾਂ ਉਸ ਨੇ ਕਿਹਾ ਕਿ ਉਹ ਨਹੀਂ ਆਏ, ਜਦੋਂ ਉਹ ਆਉਣਗੇ ਤਾਂ ਮੈਂ ਤੁਹਾਨੂੰ ਫ਼ੋਨ ਕਰਾਂਗਾ। ਅਗਲੇ ਦਿਨ ਫਿਰ ਏਐਸਆਈ ਗੁਰਮੀਤ ਸਿੰਘ ਨੇ ਮੈਨੂੰ ਫ਼ੋਨ ਕਰਕੇ ਕਿਹਾ ਕਿ ਮੈਂ ਰਾਏਕੋਟ ਵੱਲ ਆ ਰਿਹਾ ਹਾਂ। ਤੁਸੀਂ ਮੈਨੂੰ ਹਲਵਾਰਾ ਅੱਡੇ ’ਤੇ ਮਿਲੋ ਅਤੇ ਨਾਲ ਦੋ ਹਜ਼ਾਰ ਰੁਪਏ ਲੈ ਕੇ ਆਉਣਾਂਾ। ਇਸ ’ਤੇ ਪ੍ਰਿਤਪਾਲ ਸਿੰਘ ਨੇ ਇਹ ਗੱਲ ਸਮਾਜ ਸੇਵੀ ਸੁਖਵਿੰਦਰ ਸਿੰਘ ਹਲਵਾਰਾ ਨੂੰ ਦੱਸੀ ਤਾਂ ਉਸ ਨੇ ਪੰਦਰਾਂ ਸੌ ਦੇ ਨੋਟਾਂ ਦੀਆਂ ਫੋਟੋਸਟੇਟ ਕਾਪੀ ਕਰਵਾ ਕੇ ਮੈਨੂੰ ਦੇ ਦਿੱਤੀ ਅਤੇ ਪੈਸੇ ਏਐਸਆਈ ਗੁਰਮੀਤ ਸਿੰਘ ਨੂੰ ਪੈਸੇ ਦੇਣ ਲਈ ਕਿਹਾ। ਜਦੋਂ ਗੁਰਮੀਤ ਸਿੰਘ ਨੇ ਹਲਵਾਰਾ ਅੱਡੇ ’ਤੇ ਪਹੁੰਚ ਕੇ ਮੇਰੇ ਕੋਲੋਂ 1500 ਰੁਪਏ ਲਏ ਤਾਂ ਮੌਕੇ ’ਤੇ ਸੁਖਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਸ ਦੀ ਗੱਡੀ ਰੋਕ ਕੇ ਉਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਅਤੇ ਰਿਸ਼ਵਤ ਵਜੋਂ ਲਏ 1500 ਰੁਪਏ ਵਾਪਸ ਕਰਨ ਲਈ ਕਿਹਾ। ਜਿਸ ਤੋਂ ਬਾਅਦ ਇਸ ਦੀ ਲਿਖਤੀ ਸ਼ਿਕਾਇਤ ਅਤੇ ਮੌਕੇ ਦੀ ਵੀਡੀਓਗ੍ਰਾਫੀ ਪ੍ਰਿਤਪਾਲ ਸਿੰਘ ਵੱਲੋਂ ਥਾਣੇ ਵਿੱਚ ਪੇਸ਼ ਕੀਤੀ ਗਈ। ਜਿਸ ਦੀ ਰਿਪੋਰਟ ਥਾਣਾ ਦਾਖਾ ਦੇ ਡੀਐਸਪੀ ਜਸਵਿੰਦਰ ਸਿੰਘ ਨੂੰ ਸੌਂਪੀ ਗਈ ਅਤੇ ਐਸਐਸਪੀ ਦੀਆਂ ਹਦਾਇਤਾਂ ’ਤੇ ਏਐਸਆਈ ਗੁਰਮੀਤ ਸਿੰਘ ਖ਼ਿਲਾਫ਼ ਥਾਣਾ ਸੁਧਾਰ ਵਿੱਚ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਏ.ਐਸ.ਆਈ ਗੁਰਮੀਤ ਸਿੰਘ ਵੱਲੋਂ ਰਿਸ਼ਵਤਖੋਰੀ ਦਾ ਮਾਮਲਾ ਤਫਤੀਸ਼ ਲਈ ਵਿਜੀਲੈਂਸ ਨੂੰ ਸੌਂਪ ਦਿੱਤਾ ਗਿਆ ਹੈ। ਹੁਣ ਸਟੇਟ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।