4 ਪ੍ਰਾਜੈਕਟ ਪਹਿਲਾਂ ਵੀ ਪੂਰੇ ਕਰ ਚੁੱਕੇ ਹਨ ਡਾ. ਸ੍ਰੀਵਾਸਤਵ
ਭਵਾਨੀਗੜ੍ਹ (ਅਸਵਨੀ) ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਸ਼ਨ ਦੇ ਡਾਇਰੈਕਟਰ ਡਾ. ਤਨੂਜਾ ਸ੍ਰੀਵਾਸਤਵਾ ਨੇੇ ਅਜਿਹੀ ਖੋਜ ਕੀਤੀ ਹੈ ਜਿਹੜੀ ਘੱਟ ਖ਼ਰਚੇ ’ਤੇ ਬਹੁਤ ਜ਼ਿਆਦਾ ਪੌਸ਼ਟਿਕ ਆਧਾਰ ਰੱਖਦੀ ਹੈ ਅਤੇ ਇਹ ਪੌਸ਼ਟਿਕ ਚੀਜ਼ ਚੌਲਾਂ ਦੀ ਛਿੱਲ ਤੋਂ ਤਿਆਰ ਕੀਤੀ ਗਈ ਹੈ। ਗਰੁੱਪ ਵੱਲੋਂ ਇਸ ਨੂੰ ਪੇਟੈਂਟ ਵੀ ਕਰਵਾ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਗੁਰਦਾਸ ਗਰੁੱਪ ਦੇ ਡਾਇਰੈਕਟਰ ਡਾ. ਤਨੂਜਾ ਸ੍ਰੀਵਾਸਤਵਾ ਨੇ ਦੱਸਿਆ ਕਿ ਮੌਜੂਦਾ ਕਾਢ ਉਦਯੋਗਿਕ ਰਹਿੰਦ-ਖੂੰਹਦ ਦੀ ਵਰਤੋਂ ਦੇ ਖੇਤਰ ਨਾਲ ਸਬੰਧਤ ਹੈ। ਖ਼ਾਸ ਤੌਰ ’ਤੇ ਇਹ ਚੌਲਾਂ ਦੇ ਪੌਸ਼ਟਿਕ ਸਨੈਕ ਨਾਲ ਸਬੰਧਤ ਹੈ। ਡਾ. ਤਨੁਜਾ ਸ੍ਰੀਵਾਸਤਵਾ ਨੇ ਦੱਸਿਆ ਕਿ ਚੌਲਾਂ ਦੀ ਰਹਿੰਦ-ਖੂੰਹਦ (ਚੌਲਾਂ ਦੀ ਛਿੱਲ) ਤੋਂ ਤਿਆਰ ਘੱਟ ਲਾਗਤ, ਪੌਸ਼ਟਿਕ ਸਨੈਕ ਹੈ ਜਿਸ ਦੇ ਕੱਚੇ ਮਾਲ ਦੇ ਮਿਸ਼ਰਣ ਵਿਚ ਇਕ ਅਨੁਕੂਲ ਅਨੁਪਾਤ ਵਿਚ ਚੌਲਾਂ ਦਾ ਆਟਾ, ਡੀ-ਓਇਲਡ ਰਾਈਸ ਬ੍ਰੈਨ ਅਤੇ ਮੱਕੀ ਦਾ ਆਟਾ ਸ਼ਾਮਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਬਹੁਤ ਹੀ ਪੌਸ਼ਟਿਕ ਅਤੇ ਘੱਟ ਲਾਗਤ ਵਾਲਾ ਸਨੈਕ ਹੈ। ਇਹ ਆਸਾਨੀ ਨਾਲ ਬੱਚਿਆਂ ਲਈ ਪੋਸ਼ਣ ਪ੍ਰੋਗਰਾਮ ਦਾ ਹਿੱਸਾ ਬਣ ਸਕਦਾ ਹੈ ਅਤੇ ਸਾਂਝੀਆਂ ਰਸੋਈਆਂ ਵਿਚ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਰੱਖਿਆ ਅਤੇ ਅਰਧ-ਫੌਜੀ ਬਲਾਂ ਨੂੰ ਸਪਲਾਈ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਮੁਸ਼ਕਿਲ ਹਾਲਾਤ ਵਿਚ ਚੰਗੇ ਭੋਜਨ ਦੀ ਲੋੜ ਹੁੰਦੀ ਹੈ। ਡਾ. ਤਨੁਜਾ ਸ੍ਰੀਵਾਸਤਵਾ ਨੇ ਦੱਸਿਆ ਕਿ ਇਸ ਵਿਧੀ ਨੂੰ ਅਸੀਂ ਪੇਟੈਂਟ ਕਰਵਾ ਲਿਆ ਹੈ ਜਿਹੜੀ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡਾ. ਤਨੂਜਾ ਸ੍ਰੀਵਾਸਤਵਾ ਨੇ ਚਾਰ ਰਿਸਰਚ ਪ੍ਰਾਜੈਕਟਾਂ ’ਤੇ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ 100 ਤੋਂ ਜ਼ਿਆਦਾ ਅੰਤਰ ਰਾਸ਼ਟਰੀ ਜਰਨਲਾਂ ਵਿਚ ਪੇਪਰ ਛਪੇ ਹਨ ਅਤੇ ਉਹ 22 ਸਾਲਾਂ ਤੋਂ ਭਾਈ ਗੁਰਦਾਸ ਗਰੁੱਪ ਦੇ ਡਾਇਰੈਕਟਰ ਚਲੇ ਆ ਰਹੇ ਹਨ।
ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੇ ਸ਼ਾਨਦਾਰ ਪ੍ਰਾਪਤੀ ਲਈ ਡਾ. ਸ੍ਰੀਵਾਸਤਵਾ ਨੂੰ ਵਧਾਈ ਦਿੱਤੀ ਅਤੇ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਫਖ਼ਰ ਵਾਲੀ ਗੱਲ ਹੈ ਕਿ ਅਸੀਂ ਅੱਜ ਇਸ ਮੁਕਾਮ ’ਤੇ ਪੁੱਜ ਗਏ ਹਾਂ ਕਿ ਸਾਡੀਆਂ ਖੋਜਾਂ ਨੂੰ ਪ੍ਰਮਾਣਿਤ ਕੀਤਾ ਜਾ ਰਿਹਾ ਹੈ।