ਜਗਰਾਉਂ, 24 ਜੂਨ ( ਰਾਜੇਸ਼ ਜੈਨ, ਲਿਕੇਸ਼ ਸ਼ਰਮਾਂ )-ਪੁਲਿਸ ਜ਼ਿਲ੍ਹਾ ਲੁਧਿਆਣਾ ਦੇਹਾਤ ਅਧੀਨ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ 60 ਕਿਲੋ ਭੁੱਕੀ, 22 ਗ੍ਰਾਮ ਹੈਰੋਇਨ ਅਤੇ 235 ਨਸ਼ੀਲੇ ਕੈਪਸੂਲ ਸਮੇਤ 5 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਸੀਆਈਏ ਸਟਾਫ਼ ਦੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਏਐਸਆਈ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਦੌਰਾਨ ਪਿੰਡ ਬੋਦਲਵਾਲਾ ਵਿੱਚ ਮੌਜੂਦ ਸੀ। ਉਥੇ ਇਤਲਾਹ ਮਿਲੀ ਕਿ ਨਜ਼ੀਰ ਖਾਨ ਉਰਫ ਰਿੰਟੂ ਵਾਸੀ ਪਿੰਡ ਮਲਕ ਜੋ ਕਿ ਕਾਫੀ ਸਮੇਂ ਤੋਂ ਭੁੱਕੀ ਵੇਚਣ ਦਾ ਧੰਦਾ ਕਰਦਾ ਆ ਰਿਹਾ ਹੈ। ਉਹ ਰਾਤ ਸਮੇਂ ਜਗਰਾਓਂ ਰੋਡ ’ਤੇ ਸਥਿਤ ਪਿੰਡ ਦੇ ਸ਼ਮਸ਼ਾਨਘਾਟ ’ਚ ਭੁੱਕੀ ਛੁਪਾ ਕੇ ਦਿਨ ਵੇਲੇ ਗਾਹਕਾਂ ਨੂੰ ਸਪਲਾਈ ਕਰਦਾ ਹੈ। ਇਸ ਸਮੇਂ ਪਿੰਡ ਨੂੰ ਜਾਂਦੀ ਸੜਕ ’ਤੇ ਸ਼ਮਸ਼ਾਨਘਾਟ ਦੇ ਅੰਦਰ ਦਰੱਖਤਾਂ ਵਿਚਕਾਰ ਬੈਠਾ ਨਜ਼ੀਰ ਭੁੱਕੀ ਸਮੇਤ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਇਸ ਸੂਚਨਾ ’ਤੇ ਛਾਪਾ ਮਾਰ ਕੇ ਨਜ਼ੀਰ ਖਾਨ ਉਰਫ ਰਿੰਟੂ ਵਾਸੀ ਪਿੰਡ ਮਲਕ ਨੂੰ 53 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਗਿਆ। ਥਾਣਾ ਜੋਧਾ ਤੋਂ ਇੰਸਪੈਕਟਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਚੈਕਿੰਗ ਦੌਰਾਨ ਲੋਹਗੜ੍ਹ ਚੌਕ ਨਾਰੰਗਵਾਲ ਵਿਖੇ ਮੌਜੂਦ ਸਨ। ਉਸ ਸਮੇਂ ਡੇਹਲੋਂ ਵਾਲੇ ਪਾਸੇ ਤੋਂ ਇੱਕ ਟਰਾਲਾ ਆਉਂਦੀ ਦਿਖਾਈ ਦਿੱਤਾ। ਜਿਸ ਨੂੰ ਪੁਲਸ ਪਾਰਟੀ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਟਰਾਲਾ ਚਾਲਕ ਨੇ ਤੇਜ਼ ਰਫਤਾਰ ਨਾਲ ਉਸ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਪਾਰਟੀ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਜਦੋਂ ਉਸ ਦੇ ਟਰਾਲੇ ਦੀ ਚੈਕਿੰਗ ਕੀਤੀ ਗਈ ਤਾਂ ਉਸ ’ਚੋਂ 7 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ। ਟਰਾਲਾ ਚਾਲਕ ਦੀ ਪਛਾਣ ਅਮਨਦੀਪ ਸਿੰਘ ਉਰਫ਼ ਮਨਦੀਪ ਸਿੰਘ ਵਾਸੀ ਭਾਗਥਲਾ ਖੁਰਦ ਥਾਣਾ ਸਦਰ ਫ਼ਰੀਦਕੋਟ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਜੋਧਾਂ ਵਿੱਚ ਕੇਸ ਦਰਜ ਕੀਤਾ ਗਿਆ। ਐਂਟੀ ਨਾਰਕੋਟਿਕ ਸੈੱਲ ਦੇ ਏ.ਐੱਸ.ਆਈ ਮਨਜੀਤ ਸਿੰਘ ਨੇ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ ’ਤੇ ਨਹਿਰ ਪੁਸ ਸਿੱਧਵਾਂਬੇਟ ’ਤੇ ਨਾਕਾਬੰਦੀ ਦੌਰਾਨ ਚਰਨਜੀਤ ਸਿੰਘ ਉਰਫ ਚੰਦੂ ਵਾਸੀ ਪਿੰਡ ਸਲੇਮਪੁਰ ਟਿੱਬਾ ਨੂੰ 12 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਸਦਰ ਰਾਏਕੋਟ ਤੋਂ ਪੁਲਿਸ ਚੌਕੀ ਜਲਾਲਦੀਵਾਲ ਦੇ ਇੰਚਾਰਜ ਸਬ-ਇੰਸਪੈਕਟਰ ਹਰਪ੍ਰੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਬੱਸ ਸਟੈਂਡ ਕਿਸ਼ਨਗੜ੍ਹ ਛੰਨਾ ਵਿਖੇ ਮਿਲੀ ਸੂਚਨਾ ਦੇ ਆਧਾਰ ’ਤੇ ਇੰਦਰਜੀਤ ਸਿੰਘ ਉਰਫ ਇੰਦਰ ਵਾਸੀ ਪਿੰਡ ਲੀਲਾ ਮੇਘ ਸਿੰਘ, ਮੌਜੂਦਾ ਨਿਵਾਸੀ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਬੈਕ ਸਾਇਡ ਨੂੰ ਐਕਟਿਵਾ ਸਕੂਟੀ ’ਤੇ ਲੈ ਕੇ ਜਾ ਰਹੇ 10 ਗ੍ਰਾਮ ਹੈਰੋਇਨ ਸਮੇਤ ਕਾਬੂ। ਥਾਣਾ ਸਿਟੀ ਜਗਰਾਉਂ ਤੋਂ ਸਬ-ਇੰਸਪੈਕਟਰ ਰਾਜਧੀਮ ਨੇ ਦੱਸਿਆ ਕਿ ਪੁਲਸ ਪਾਰਟੀ ਸਮੇਤ ਚੈਕਿੰਗ ਦੌਰਾਨ ਝਾਂਸੀ ਰਾਣੀ ਚੌਕ ’ਚ ਮਿਲੀ ਸੂਚਨਾ ਦੇ ਆਧਾਰ ’ਤੇ ਨਿਤੀਸ਼ ਕੁਮਾਰ ਵਾਸੀ ਮੁਹੱਲਾ ਸ਼ਾਸਤਰੀ ਨਗਰ ਨੂੰ 55 ਨਸ਼ੀਲੇ ਕੈਪਸੂਲ ਅਤੇ 105 ਨਸ਼ੀਲੀ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਪੁਲਿਸ ਚੌਂਕੀ ਚੌਂਕੀਮਾਨ ਦੇ ਇੰਚਾਰਜ ਏ.ਐਸ.ਆਈ ਸੁਖਮੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਮੇਨ ਜੀ.ਟੀ.ਰੋਡ ਚੌਂਕੀਮਾਨ ’ਤੇ ਕੀਤੀ ਗਈ ਚੈਕਿੰਗ ਦੌਰਾਨ ਮੁੱਲਾਂਪੁਰ ਸਾਈਡ ਤੋਂ ਆ ਰਹੇ ਇੱਕ ਮੋਟਰਸਾਈਕਲ ਸਵਾਰ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਮੋਟਰਸਾਈਕਲ ਪਿੱਛੇ ਵੱਲ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਕਾਬੂ ਕਰਕੇ ਉਸ ਦਾ ਨਾਂ-ਪਤਾ ਪੁੱਛਿਆ ਗਿਆ, ਜਿਸ ਨੇ ਆਪਣਾ ਨਾਂ ਅਕਾਸ਼ਦੀਪ ਸਿੰਘ ਵਾਸੀ ਜੱਸਲ ਸੀਟ ਕਵਰ ਨੇੜੇ ਮਲਕ ਰੋਡ ਜਗਰਾਉਂ ਦੱਸਿਆ। ਉਸ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 75 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।