ਰਾਏਕੋਟ, 27 ਜੂਨ ( ਜਸਵੀਰ ਹੇਰਾਂ )-ਸੋਮਵਾਰ ਦੇਰ ਰਾਤ ਤਿੰਨ ਅਣਪਛਾਤੇ ਲੁਟੇਰਿਆਂ ਨੇ ਰਾਏਕੋਟ ਨੇੜਲੇ ਪਿੰਡ ਭੈਣੀ ਬੜਿੰਗਾ ਦੇ ਰੋਮੀਓ ਫਿਲਿੰਗ ਸਟੇਸ਼ਨ ਤੋਂ 35 ਹਜ਼ਾਰ ਰੁਪਏ ਲੁੱਟ ਲਏ ਅਤੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਸਦਰ ਰਾਏਕੋਟ ਵਿੱਚ ਤਿੰਨ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਏਐਸਆਈ ਬੂਟਾ ਸਿੰਘ ਨੇ ਦੱਸਿਆ ਕਿ ਘਨਸ਼ਿਆਮ ਵਾਸੀ ਪਿੰਡ ਬਲੀਆ ਤਹਿਸੀਲ ਕਰਨੈਲਗੰਜ ਜ਼ਿਲ੍ਹਾ ਗੋਂਡਾ ਉੱਤਰ ਪ੍ਰਦੇਸ਼ ਮੌਜੂਦਾ ਵਾਸੀ ਰੋਮੀਓ ਫਿਲਿੰਗ ਸਟੇਸ਼ਨ ਭੈਣੀ ਬਡਿੰਗਾ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਉਕਤ ਪੈਟਰੋਲ ਪੰਪ ’ਤੇ ਬਤੌਰ ਮੈਨੇਜਰ ਕੰਮ ਕਰਦਾ ਹੈ। ਸੋਮਵਾਰ ਰਾਤ ਨੂੰ ਮੈਂ ਆਪਣੇ ਦਫ਼ਤਰ ਵਿੱਚ ਬੈਠਾ ਕੈਸ਼ ਗਿਣ ਰਿਹਾ ਸੀ ਅਤੇ ਹੋਰ ਸਾਥੀ ਤੇਲ ਵਾਲੀ ਮਸ਼ੀਨ ਕੋਲ ਖੜ੍ਹੇ ਸਨ। ਇਸੇ ਦੌਰਾਨ ਰਾਏਕੋਟ ਵਾਲੇ ਪਾਸੇ ਤੋਂ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਤਿੰਨ ਵਿਅਕਤੀ ਸਾਡੇ ਪੈਟਰੋਲ ਪੰਪ ’ਤੇ ਆਏ। ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ। ਮੋਟਰਸਾਇਕਲ ਚਾਲਕ ਨੇ ਮੋਟਰਸਾਇਕਲ ਤੇਲ ਵਾਲੀ ਮਸ਼ੀਨ ਕੋਲ ਖੜਾ ਕੀਤਾ ਤੇ ਪਿੱਛੇ ਬੈਠੇ ਦੋ ਜਣੇ ਉੱਤਰ ਕੇ ਮੇਰੇ ਦਫਤਰ ਆ ਗਏ। ਉਸ ਸਮੇਂ ਦੇਸਰਾਜ ਵਾਸੀ ਛਤਰਪੁਰ ਡਾਕਖਾਨਾ ਸਰਾਇਆ ਜ਼ਿਲ੍ਹਾ ਗੋਂਡਾ ਉੱਤਰ ਪ੍ਰਦੇਸ਼ ਜੋ ਸਾਡੇ ਪੰਪ ’ਤੇ ਸੇਲਜ਼ਮੈਨ ਹੈ, ਵੀ ਮੌਜੂਦ ਸੀ। ਉਕਤ ਦੋਵੇਂ ਵਿਅਕਤੀ ਦਫ਼ਤਰ ਦੇ ਅੰਦਰ ਆ ਗਏ ਅਤੇ ਜਿਵੇਂ ਹੀ ਪਹਿਲਾ ਵਿਅਕਤੀ ਅੰਦਰ ਗਿਆ ਤਾਂ ਉਸ ਨੇ ਸੇਲਜ਼ਮੈਨ ਦੇ ਮੋਢੇ ’ਤੇ ਕੋਈ ਤਿੱਖੀ ਚੀਜ਼ ਰੱਖ ਦਿੱਤੀ ਅਤੇ ਦੂਜੇ ਵਿਅਕਤੀ ਨੇ ਮੇਰੇ ਹੱਥੋਂ 35 ਹਜਾਰ ਰੁਪਏ ਦੀ ਨਕਦੀ ਖੋਹ ਲਈ। ਜਾਂਦੇ ਸਮੇਂ ਉਸ ਨੇ ਮੇਰਾ ਮੋਬਾਈਲ ਵੀ ਖੋਹ ਲਿਆ। ਮੋਟਰਸਾਈਕਲ ’ਤੇ ਸਵਾਰ ਹੋ ਕੇ ਤਿੰਨੋਂ ਰਾਏਕੋਟ ਵਾਲੇ ਪਾਸੇ ਚਲੇ ਗਏ। ਇਸ ਸਬੰਧੀ ਘਨਸ਼ਿਆਮ ਦੇ ਬਿਆਨਾਂ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।