ਜਗਰਾਉਂ,08 ਅਗਸਤ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : 15 ਅਗਸਤ ਅਤੇ ਸ਼ਹਿਰ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਜਗਰਾਉਂ ਪੁਲਿਸ ਨੇ ਸ਼ਹਿਰ ਅੰਦਰ ਫਲੈਗ ਮਾਰਚ ਕੱਢਿਆ। ਡੀਐੱਸਪੀ ਸਿਟੀ ਸਤਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਇਹ ਫਲੈਗ ਮਾਰਚ ਐੱਸਐੱਸਪੀ ਦਫ਼ਤਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਹਿਸਿਆਂ ਵਿੱਚ ਹੁੰਦਾ ਹੋਇਆ ਸਮਾਪਤ ਹੋਇਆ।ਡੀਐੱਸਪੀ ਸਿਟੀ ਸਤਵਿੰਦਰ ਸਿੰਘ ਵਿਰਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਇਹ ਫਲੈਗ ਮਾਰਚ ਕੀਤਾ ਗਿਆ।ਇਸ ਤੋਂ ਇਲਾਵਾ 15 ਅਗਸਤ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਹਰ ਵਕਤ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਤਪਰ ਰਹਿੰਦੀ ਹੈ। ਉਹਨਾਂ ਸਮਾਜ ਵਿਰੋਧੀ ਅਨਸਰਾਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡੀਐੱਸਪੀ ਨੇ ਅੱਗੇ ਕਿਹਾ ਕਿ 15 ਅਗਸਤ ਦਿਹਾੜੇ ਨੂੰ ਮੁੱਖ ਰੱਖ ਕੇ ਸ਼ਹਿਰ ਅੰਦਰ ਥਾਂ-ਥਾਂ ‘ਤੇ ਨਾਕਾ ਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਜ਼ੁਰਮ ਦੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ।