ਬਠਿੰਡਾ(ਵਿਕਾਸ ਮਠਾੜੂ)ਬਰਨਾਲਾ ਨੈਸ਼ਨਲ ਹਾਈਵੇ ‘ਤੇ ਸਥਿਤ ਰੇਲਵੇ ਓਵਰ ਬਿ੍ਜ ਦੇ ਕੰਢੇ ਬਣੀ ਸਰਵਿਸ ਲੇਨ ‘ਤੇ ਸੀਵਰੇਜ ਦਾ ਗੰਦਾ ਪਾਣੀ ਜਮਾ ਹੋਣ ਤੋਂ ਪਰੇਸ਼ਾਨ ਪਿੰਡ ਜਵਾਹਰ ਨਗਰ ਦੇ ਲੋਕਾਂ ਨੇ ਐਤਵਾਰ ਨੂੰ ਸਰਵਿਸ ਲੇਨ ‘ਤੇ ਸੜਕ ਜਾਮ ਕਰ ਦਿੱਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਧਰ ਸੜਕ ਜਾਮ ਹੋਣ ਕਾਰਨ ਬਠਿੰਡਾ ਵੱਲੋਂ ਸ਼ਹਿਰ ਅੰਦਰ ਆਉਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਸਰਵਿਸ ਲੇਨ ‘ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਪ੍ਰਦਰਸ਼ਨਕਾਰੀ ਭਾਕਿਯੂ ਸਿੱਧੂਪੁਰ ਦੇ ਹਰਬੰਸ ਸਿੰਘ ਿਢੱਲੋਂ, ਸੀਤਾ ਰਾਮ ਦੀਪਕ, ਆਰਐੱਸ ਸੇਠੀ, ਬਲਜੀਤ ਸਿੰਘ, ਰਜਿੰਦਰ ਸਿੰਘ, ਗੁਰਤੇਜ ਸਿੰਘ, ਹਰਜਿੰਦਰ ਸਿੰਘ, ਲਖਵਿੰਦਰ ਸਿੰਘ, ਰਮੇਸ਼ ਸਿੰਗਲਾ, ਮੇਜਰ ਸਿੰਘ, ਕੁਲਵੰਤ ਸਿੰਘ, ਤੇਜ ਸਿੰਘ, ਬਾਬੂ ਸਿੰਘ, ਮੱਘਰ ਸਿੰਘ, ਜਸਵੰਤ ਸਿੰਘ, ਗੁਰਚਰਨ ਸਿੰਘ, ਮਨਜੀਤ ਸਿੰਘ, ਕਸ਼ਮੀਰੀ ਲਾਲ, ਬਬਲੀ ਤੇ ਗੋਰਾ ਲਾਲ ਨੇ ਦੱਸਿਆ ਕਿ ਉਕਤ ਥਾਂ ‘ਤੇ ਸੀਵਰੇਜ ਸਿਸਟਮ ਸਹੀ ਨਾ ਹੋਣ ਕਾਰਨ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਦਾ ਗੰਦਾ ਪਾਣੀ ਖੜਾ ਰਹਿੰਦਾ ਹੈ। ਜਿਸ ਕਾਰਨ ਇਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਜਾਣ ਵਾਲਾ ਮੁੱਖ ਰਸਤਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਇਸੇ ਰਸਤੇ ਤੋਂ ਹੋ ਕੇ ਲੰਘਣਾ ਪੈਂਦਾ ਹੈ। ਸੜਕ ‘ਤੇ ਹਮੇਸ਼ਾ ਹੀ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਸੜਕ ‘ਤੇ ਜਮਾਂ ਹੋਏ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਪਿੰਡ ਵਾਲਿਆਂ ਨੇ ਕਿਹਾ ਕਿ ਇਸ ਸਮੱਸਿਆ ਨੂੰ ਲੈ ਕੇ ਉਨ੍ਹਾਂ ਨੇ ਪਿਛਲੇ ਦਿਨੀਂ ਵੀ ਪ੍ਰਦਰਸ਼ਨ ਕੀਤਾ ਸੀ ਇਸ ਤੋਂ ਬਾਅਦ ਡੀਸੀ ਬਠਿੰਡਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਕਮੇਟੀ ਨੂੰ ਦੋ ਦਿਨਾਂ ਦੇ ਅੰਦਰ ਰਿਪੋਰਟ ਬਣਾ ਕੇ ਭੇਜਣ ਦੇ ਨਿਰਦੇਸ਼ ਦਿੱਤੇ ਸਨ। ਕਮੇਟੀ ‘ਚ ਸ਼ਾਮਲ ਅਧਿਕਾਰੀਆਂ ਵੱਲੋਂ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ। ਪਿੰਡ ਵਾਸੀਆਂ ਤੇ ਦੁਕਾਨਦਾਰਾਂ ਨੇ ਸਮੱਸਿਆ ਦਾ ਹੱਲ ਨਾ ਹੋਣ ‘ਤੇ ਹਾਈਵੇ ਜਾਮ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਚਿਤਾਵਨੀ ਦੇ ਬਾਵਜੂਦ ਪ੍ਰਸ਼ਾਸਨ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਉਨ੍ਹਾਂ ਸੜਕ ਜਾਮ ਕਰਨ ਲਈ ਮਜਬੂਰ ਹੋਣਾ ਪਵੇਗਾ।