ਪੁਰਾਣੀਆਂ ਪ੍ਰੰਪਰਾਵਾਂ ਅਨੁਸਾਰ ਅਕਤੂਬਰ ਮਹੀਨੇ ਤਨਖਾਹ ਅਤੇ ਪੈਨਸ਼ਨ ਦੀਵਾਲੀ ਤੋਂ ਪਹਿਲਾਂ ਦੇਣ ਦੀ ਕੀਤੀ ਮੰਗ:-ਲੁਬਾਣਾ-ਰਾਣਵਾਂ
ਲੁਧਿਆਣਾ , 18 ਅਕਤੂਬਰ ( ਰਿਤੇਸ਼ ਭੱਟ, ਅਸ਼ਵਨੀ ) ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਦਰਜਾ ਚਾਰ ਮੁਲਾਜ਼ਮਾਂ ਨੂੰ ਹਰ ਸਾਲ ਦੀਵਾਲੀ ਤੋਂ ਪਹਿਲਾਂ ਤਿਉਹਾਰੀ ਕਰਜ਼ਾ ਦਿੱਤਾ ਜਾਂਦਾ ਹੈ । ਇਸ ਵਾਰ ਵੀ ਪੰਜਾਬ ਸਰਕਾਰ ਨੇ ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਵਧੀ ਹੋਈ ਮਹਿੰਗਾਈ ਨੂੰ ਮੁੱਖ ਰੱਖਦੇ ਹੋਏ ਤਿਉਹਾਰੀ ਕਰਜ਼ਾ 20000 ਰੁਪਏ ਦੇਣ ਦੀ ਮੰਗ ਕੀਤੀ ਸੀ । ਪੰਜਾਬ ਸਰਕਾਰ ਨੇ ਭਾਵੇਂ ਇਹ ਮੰਗ ਮੁਕੰਮਲ ਰੂਪ ਵਿੱਚ ਪੂਰੀ ਤਾਂ ਨਹੀਂ ਕੀਤੀ ਪਰ ਮਿਤੀ 11/10/22 ਨੂੰ ਪੱਤਰ ਜਾਰੀ ਕਰਕੇ 10000 ਰੁਪਏ ਤਿਉਹਾਰੀ ਕਰਜ਼ਾ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ । ਇਹ ਰਕਮ 21/10/2022 ਤੱਕ ਕਢਵਾਈ ਜਾ ਸਕੇਗੀ ,ਪਰ ਪਿਛਲੇ ਦਿਨਾਂ ਤੂੰ ਪੰਜਾਬ ਦੇ ਸਮੂਹ ਦਫਤਰੀ ਕਾਮਿਆਂ ਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਲ ਰਹੀ ਕਲਮ ਛੋਡ਼ ਹਡ਼ਤਾਲ ਕਾਰਨ ਜਿੱਥੇ ਸਮੁੱਚਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ ਤੇ ਲੋਕ ਲਗਾਤਾਰ ਖੱਜਲ ਖੁਆਰ ਹੋ ਰਹੇ ਹਨ ਇਸ ਦੇ ਨਾਲ ਦਫ਼ਤਰੀ ਅਮਲੇ ਦੇ ਕੰਮਕਾਜ ਵਿੱਚ ਸਹਿਯੋਗੀ ਦਰਜਾ ਚਾਰ ਕਰਮਚਾਰੀ ਵੀ ਇਸ ਕਲਮਛੋਡ਼ ਹਡ਼ਤਾਲ ਦਾ ਖਮਿਆਜ਼ਾ ਭੁਗਤ ਰਹੇ ਹਨ ਅਤੇ ਉਨ੍ਹਾਂ ਨੂੰ ਆਪਣਾ ਤਿਉਹਾਰੀ ਕਰਜ਼ਾ ਦੀਵਾਲੀ ਤੋਂ ਪਹਿਲਾਂ ਮਿਲਣ ਦੀ ਆਸ ਮੱਧਮ ਹੋਈ ਜਾਪਦੀ ਹੈ । ਇਸ ਸਬੰਧ ਵਿਚ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ,ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ,ਚੇਅਰਮੈਨ ਸੁਖਦੇਵ ਸਿੰਘ ਸੁਰਤਾਪਰੀ,ਸੀਨੀ:ਮੀਤ ਪ੍ਰਧਾਨ ਜਸਵਿੰਦਰ ਪਾਲ ਉੱਘੀ,ਮੀਤ ਪ੍ਰਧਾਨ ਮੇਲਾ ਸਿੰਘ ਪੁੰਨਾਂਵਾਲ,ਵੇਦ ਪ੍ਰਕਾਸ਼ ਜਲੰਧਰ,ਪਵਨ ਗੁਡਿਆਲ,ਜਨਰਲ ਸਕੱਤਰ ਬਲਜਿੰਦਰ ਸਿੰਘ,ਵਿੱਤ ਸਕੱਤਰ ਚੰਦਨ ਸਿੰਘ,ਕ੍ਰਿਸ਼ਨ ਪ੍ਰਸ਼ਾਦ,ਰਮਨ ਸਰਮਾਂ ਚੰਡੀਗੜ੍ਹ ਤੇ ਸੁਰਿੰਦਰ ਸਿੰਘ ਬੈਂਸ ਲੁਧਿਆਣਾ ਅਤੇ ਅਮਰਜੀਤ ਸਿੰਘ ਚੋਪੜਾ ਨੇ ਪੰਜਾਬ ਦੇ ਸਮੂਹ ਦਫਤਰੀ ਕਾਮਿਆਂ ਦੀਆਂ ਮੰਗਾਂ ਦੀ ਹਮਾਇਤ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਪਿਛਲੇ ਕਾਫ਼ੀ ਦਿਨਾਂ ਤੋਂ ਚੱਲ ਰਹੀ ਕਲਮ ਛੋਡ਼ ਹਡ਼ਤਾਲ ਤੋਂ ਅੱਖਾਂ ਮੀਚ ਕੇ ਪਾਸਾ ਵੱਟਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ । ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਪੰਜਾਬ ਦੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਰੀਆਂ ਸਾਂਝੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ ਅਤੇ ਸਮੂਹ ਸੰਘਰਸ਼ਸ਼ੀਲ ਮੁਲਾਜ਼ਮਾਂ ਨਾਲ ਗੱਲਬਾਤ ਕਰ ਕੇ ਲਮਕ ਅਵਸਥਾ ਵਿਚ ਪਏ ਸਾਰੇ ਮਸਲੇ ਹੱਲ ਕੀਤੇ ਜਾਣ,ਕੇਂਦਰੀ ਪੈਟਰਨ ਅਨੁਸਾਰ ਮਹਿੰਗਾਈ ਭੱਤੇ ਦੀਆਂ ਬਕਾਇਆ ਪਈਆਂ ਤਿੰਨ ਕਿਸ਼ਤਾਂ ਅਨੁਸਾਰ 38 ਫ਼ੀਸਦੀ ਡੀ.ਏ. ਦੀਵਾਲੀ ਤੋਂ ਪਹਿਲਾਂ ਨਕਦ ਦਿੱਤਾ ਜਾਵੇ,ਦਰਸ਼ਨ ਸਿੰਘ ਲੁਬਾਣਾ ਅਤੇ ਰਣਜੀਤ ਸਿੰਘ ਰਾਣਵਾਂ ਨੇ ਇਹ ਮੰਗ ਵੀ ਕੀਤੀ ਹੈ ਕਿ ਪਿਛਲੀਆਂ ਪ੍ਰੰਪਰਾਵਾਂ ਅਨੁਸਾਰ ਅਕਤੂਬਰ ਮਹੀਨੇ ਦੀ ਤਨਖ਼ਾਹ ਦੀਵਾਲੀ ਤੋਂ ਪਹਿਲਾਂ ਦਿੱਤੀ ਜਾਵੇ ।
