ਮੋਗਾ (ਮੁਕੇਸ ਕੁਮਾਰ) ਜ਼ਿਲ੍ਹੇ ‘ਚ ਆੜ੍ਹਤੀਆ ਐਸੋਸੀਏਸ਼ਨ ਨੇ ਸਾਇਲੋ ਵਿਚ ਕਣਕ ਦਾ ਕਮਿਸ਼ਨ ਨਾ ਮਿਲਣ ‘ਤੇ ਵਿਰੋਧ ਕਰਦਿਆਂ ਰੋਸ ਮਾਰਚ ਕੀਤਾ ਅਤੇ ਐੱਫਸੀਆਈ ਦੇ ਦਫ਼ਤਰ ਅੱਗੇ ਧਰਨਾ ਲਾ ਦਿੱਤਾ। ਸਮੂਹ ਆੜ੍ਹਤੀਆਂ ਵੱਲੋਂ ਬੁੱਧਵਾਰ ਨੂੰ ਅਨਾਜ ਮੰਡੀ ਤੋਂ ਰੋਸ ਮਾਰਚ ਕੱਿਢਆ ਗਿਆ ਅਤੇ ਬਾਅਦ ਵਿਚ ਐੱਫਸੀਆਈ ਦਫ਼ਤਰ ਜਾ ਕੇ ਧਰਨਾ ਲਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 11 ਅਪ੍ਰਰੈਲ ਤਕ ਉਨ੍ਹਾਂ ਦੇ ਬਕਾਏ ਦੀ ਅਦਾਇਗੀ ਨਾ ਕੀਤੀ ਗਈ ਤਾਂ ਉਹ ਸਾਇਲੋ ਦੇ ਬਾਹਰ ਧਰਨਾ ਦੇਣਗੇ।
ਜ਼ਿਕਰਯੋਗ ਹੈ ਕਿ ਪਿੰਡ ਡਗਰੂ ਨਜ਼ਦੀਕ ਇਕ ਨਿੱਜੀ ਕੰਪਨੀ ਦਾ ਇਕ ਸਾਇਲੋ ਬਣਿਆ ਹੋਇਆ ਹੈ, ਜਿਸ ਵਿਚ ਐੱਫਸੀਆਈ ਵੱਲੋਂ ਕਣਕ ਸਟੋਰ ਕੀਤੀ ਜਾਂਦੀ ਹੈ ਅਤੇ ਉੱਥੋਂ ਕਿਸਾਨਾਂ ਨੂੰ ਅਦਾਇਗੀ ਕੀਤੀ ਜਾਂਦੀ ਹੈ। ਸਰਕਾਰ ਵੱਲੋਂ ਖ਼ਰੀਦੀ ਗਈ ਫਸਲ ‘ਤੇ ਉਸ ਨੂੰ ਢਾਈ ਫ਼ੀਸਦੀ ਕਮਿਸ਼ਨ ਮਿਲਦਾ ਸੀ, ਪਰ ਸਾਇਲੋਜ਼ ‘ਚ ਵੇਚੀ ਕਣਕ ਦਾ ਆੜ੍ਹਤੀਆਂ ਨੂੰ ਕੋਈ ਕਮਿਸ਼ਨ ਨਹੀਂ ਦਿੱਤਾ ਗਿਆ। ਉਨ੍ਹਾਂ ਵੱਲੋਂ ਕੀਤੇ ਗਏ ਸੰਘਰਸ਼ ਕਾਰਨ ਸਰਕਾਰ ਨੇ 46 ਰੁਪਏ ਪ੍ਰਤੀ ਕੁਇੰਟਲ ਦਾ ਰੇਟ ਤੈਅ ਕਰ ਕੇ ਪੈਸੇ ਦੇਣ ਦਾ ਵਾਅਦਾ ਕੀਤਾ ਸੀ ਪਰ ਬਾਅਦ ਵਿਚ ਉਨ੍ਹਾਂ ਨੂੰ 23 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਅੱਧਾ ਕਮਿਸ਼ਨ ਦਿੱਤਾ ਗਿਆ।ਕਮਿਸ਼ਨ ਏਜੰਟ ਐਸੋਸੀਏਸ਼ਨ ਦੇ ਸਕੱਤਰ ਰਾਹੁਲ ਗਰਗ ਨੇ ਕਿਹਾ ਕਿ ਉਨ੍ਹਾਂ ਦੇ ਪਿਛਲੇ ਸਾਲ ਦੇ ਬਕਾਏ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਹੈ ਅਤੇ ਨਵੇਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ, ਜਿਸ ਕਰ ਕੇ ਉਹ ਸੰਘਰਸ਼ ਦੇ ਰਾਹ ‘ਤੇ ਤੁਰੇ ਹਨ। ਇਸ ਕਰ ਕੇ ਉਨ੍ਹਾਂ ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਮੋਗਾ ਦੇ ਪ੍ਰਧਾਨ ਸਮੀਰ ਜੈਨ ਨੇ ਐਲਾਨ ਕੀਤਾ ਕਿ ਜੇਕਰ 11 ਅਪ੍ਰਰੈਲ ਤਕ ਉਨ੍ਹਾਂ ਨੂੰ ਬਕਾਇਆ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਤੇਜ਼ ਕਰਨਗੇ। ਉਨ੍ਹਾਂ ਕਿਹਾ ਕਿ 11 ਅਪ੍ਰਰੈਲ ਤੋਂ ਬਾਅਦ ਉਹ ਸਾਇਲੋ ਦੇ ਬਾਹਰ ਪੱਕੇ ਧਰਨੇ ‘ਤੇ ਬੈਠਣਗੇ ਅਤੇ ਉੱਥੇ ਕਿਸੇ ਨੂੰ ਵੀ ਕਣਕ ਨਹੀਂ ਵੇਚਣ ਦਿੱਤੀ ਜਾਵੇਗੀ। ਇਸ ਮੌਕੇ ਮੋਗਾ ਦੇ ਸਮੂਹ ਆੜ੍ਹਤੀਏ ਵੀ ਹਾਜ਼ਰ ਸਨ।