ਜਗਰਾਉਂ, 8 ਅਪ੍ਰੈਲ ( ਭਗਵਾਨ ਭਾਂਘਊਸ਼ ਜਗਰੂਪ ਸੋਹੀ )-ਪੁਲਿਸ ਜ਼ਿਲ੍ਹਾ ਲੁਧਿਆਣਾ ਦੀਆਂ ਵੱਖ-ਵੱਖ ਪੁਲੀਸ ਪਾਰਟੀਆਂ ਨੇ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇੱਕ ਕਿਲੋ ਅਫੀਮ, 200 ਪਾਬੰਦੀਸ਼ੁਦਾ ਗੋਲੀਆਂ, 15 ਗ੍ਰਾਮ ਹੈਰੋਇਨ ਅਤੇ 62 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਸੀਆਈਏ ਸਟਾਫ਼ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਲਈ ਬੱਸ ਸਟੈਂਡ ’ਤੇ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਮੁਕੇਸ਼ ਦਾਸ ਵਾਸੀ ਹਠਿਆਣਾ ਜ਼ਿਲਾ ਚਿਤੌੜਗੜ੍ਹ ਰਾਜਸਥਾਨ ਜੋ ਕਿ ਬਾਹਰਲੇ ਸੂਬਿਆਂ ਤੋਂ ਸਸਤੇ ਭਾਅ ’ਤੇ ਅਫੀਮ ਲਿਆ ਕੇ ਰਾਏਕੋਟ ਇਲਾਕੇ ’ਚ ਸਪਲਾਈ ਕਰਨ ਦਾ ਧੰਦਾ ਕਰਦਾ ਹੈ। ਜੋ ਕਿ ਬਰਨਾਲਾ ਲੁਧਿਆਣਾ ਰੋਡ ’ਤੇ ਪੁਲ ਸੂਆ ਬਾਹੱਦ ਨੂਰਪੁਰ ਕੋਲ ਖੜ੍ਹਾ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਇਸ ਸੂਚਨਾ ’ਤੇ ਛਾਪਾ ਮਾਰ ਕੇ ਮੁਕੇਸ਼ ਦਾਸ ਨੂੰ ਕਾਬੂ ਕਰਕੇ ਉਸ ਕੋਲੋਂ ਇਕ ਕਿਲੋ ਅਫੀਮ ਬਰਾਮਦ ਕੀਤੀ ਗਈ। ਬੱਸ ਸਟੈਂਡ ਪੁਲਸ ਚੌਕੀ ਦੇ ਇੰਚਾਰਜ ਸੁਖਵਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਏ.ਐੱਸ.ਆਈ ਬਲਰਾਜ ਸਿੰਘ ਸਮੇਤ ਪੁਲਸ ਪਾਰਟੀ ਚੈਕਿੰਗ ਲਈ ਪਹਿਲਵਾਨ ਢਾਬਾ ਜੀ.ਟੀ.ਰੋਡ ਨੇੜੇ ਸੇਮ ਨਾਲਾ ’ਤੇ ਮੌਜੂਦ ਸੀ। ਉੱਥੇ ਸੂਚਨਾ ਮਿਲੀ ਕਿ ਦੀਪਕ ਵਰਮਾ ਵਾਸੀ ਸ਼ਾਸਤਰੀ ਨਗਰ, ਜਗਰਾਉਂ, ਲੁਧਿਆਣਾ ਤੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਦੇ ਕੈਪਸੂਲ ਲਿਆ ਕੇ ਵੇਚਣ ਦਾ ਧੰਦਾ ਕਰਦਾ ਹੈ। ਇਸ ਸਮੇਂ ਵੀ ਉਹ ਪਾਬੰਦੀਸ਼ੁਦਾ ਗੋਲੀਆਂ ਅਤੇ ਕੈਪਸੂਲ ਵੇਚਣ ਲਈ ਕੋਠੇ ਖੰਜੂਰਾਂ ਤੋਂ ਅਲੀਗੜ੍ਹ ਵੱਲ ਆ ਰਿਹਾ ਹੈ। ਇਸ ਸੂਚਨਾ ’ਤੇ ਕੇਠੇ ਖੰਜੂਰਾਂ ਅਲੀਗੜ੍ਹ ਸ਼ਮਸ਼ਾਨਘਾਟ ਕੋਲ ਨਾਕਾਬੰਦੀ ਕਰਕੇ ਪੈਦਲ ਆ ਰਹੇ ਦੀਪਕ ਵਰਮਾ ਨੂੰ ਕਾਬੂ ਕਰਕੇ ਉਸ ਕੋਲੋਂ 100 ਟਰਾਮਾਡੋਲ ਹਰੇ ਨਸ਼ੀਲੇ ਕੈਪਸੂਲ ਅਤੇ 100 ਖੁੱਲ੍ਹੇ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ। ਥਾਣਾ ਸਿੱਧਵਾਂਬੇਟ ਦੇ ਏ.ਐਸ.ਆਈ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਲਈ ਪੁਲ ਦਰਿਆ ਕੁਲਗਹਿਣਾ ਵਿਖੇ ਮੌਜੂਦ ਸਨ। ਸੂਚਨਾ ਮਿਲੀ ਕਿ ਪਿੰਡ ਕੁਲਗਹਿਣਾ ਦੀ ਰਹਿਣ ਵਾਲੀ ਸ਼ੀਲੋ ਬਾਈ ਹੈਰੋਇਨ ਵੇਚਣ ਦਾ ਧੰਦਾ ਕਰਦੀ ਹੈ। ਜੋ ਕਿ ਪਿੰਡ ਕੁਲਗਹਿਣਾ ਤੋਂ ਥੋੜੀ ਅੱਗੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਕੋਲ ਹੈਰੋਇਨ ਸਪਲਾਈ ਕਰ ਰਹੀ ਹੈ। ਇਸ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰਕੇ ਸ਼ੀਲੋ ਬਾਈ ਨੂੰ 15 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਥਾਣਾ ਸਿੱਧਵਾਂਬੇਟ ਦੇ ਏਐਸਆਈ ਬੇਅੰਤ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਗਿੱਦੜਵਿੰਡੀ ਬੱਸ ਅੱਡੇ ’ਤੇ ਚੈਕਿੰਗ ਲਈ ਮੌਜੂਦ ਸਨ। ਸੂਚਨਾ ਮਿਲੀ ਕਿ ਸਬਰਾ ਬਾਈ ਵਾਸੀ ਖੋਲਿਆਂਵਾਲਾ ਪੁਲ ਮਲਸੀਹਾਂ ਬਾਜਣ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੀ ਹੈ। ਇਸ ਸੂਚਨਾ ’ਤੇ ਉਸ ਦੇ ਘਰ ਛਾਪਾ ਮਾਰ ਕੇ 50 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਕਿਸੇ ਪਾਰਟੀ ਦੀ ਚੈਕਿੰਗ ਲਈ ਚੌਕ ਮਾਣੂੰਕੇ ਵਿੱਚ ਮੌਜੂਦ ਸਨ। ਸੂਚਨਾ ਮਿਲੀ ਸੀ ਕਿ ਪਿੰਡ ਦੇਹੜਕਾ ਦਾ ਰਹਿਣ ਵਾਲਾ ਰਾਮ ਸਿੰਘ ਵੱਡੀ ਮਾਤਰਾ ’ਚ ਨਾਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦਾ ਧੰਦਾ ਕਰਦਾ ਹੈ। ਇਸ ਸੂਚਨਾ ’ਤੇ ਉਸ ਦੇ ਘਰ ਛਾਪਾ ਮਾਰ ਕੇ 15 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।