ਰਾਏਕੋਟ, 21 ਅਪ੍ਰੈਲ (ਭਗਵਾਨ ਭੰਗੂ – ਲਿਕੇਸ਼ ਸ਼ਰਮਾ ) : ਲੁੁਧਿਆਣਾ-ਬਠਿੰਡਾ ਰਾਜਮਾਰਗ ਤੇ ਸਥਿਤ ਪਿੰਡ ਨੂਰਪੁੁਰਾ ਵਿਖੇ ਐਤਵਾਰ ਸਵੇਰੇ ਇੱਕ ਰੇਤੇ ਦੇ ਭਰੇ ਟਿੱਪਰ ਨੇ ਮੋਟਰਸਾਈਕਲ ਸਵਾਰ ਬਜ਼ੁੁਰਗ ਪਤੀ-ਪਤਨੀ ਤੇ ਸੜਕ ਕਿਨਾਰੇ ਪੈਦਲ ਜਾ ਰਹੇ 15 ਸਾਲਾ ਬੱਚੇ ਨੂੰ ਲਪੇਟ ਵਿਚ ਲੈ ਲਿਆ। ਹਾਦਸੇ ਕਾਰਨ ਬਾਈਕ ਸਵਾਰ ਬਜ਼ੁਰਗ ਪਤੀ-ਪਤਨੀ ਦੀ ਮੌਤ ਹੋ ਗਈ ਜਦਕਿ ਨੂੰ 15 ਸਾਲਾ ਬੱਚਾ ਹਸਪਤਾਲ ’ਚ ਜ਼ੇਰੇ ਇਲਾਜ ਹੈ। ਹਾਦਸੇ ਤੋਂ ਭੜਕੇ ਪਿੰਡ ਵਾਸੀਆਂ ਨੇ ਲੁੁਧਿਆਣਾ-ਬਠਿੰਡਾ ਰਾਜਮਾਰਗ ’ਤੇ ਧਰਨਾ ਲਗਾ ਕੇ ਚੱਕਾ ਜਾਮ ਕਰ ਦਿੱਤਾ ਅਤੇ ਦੁੁਪਿਹਰ 2 ਵਜੇ ਤੱਕ ਧੁੱਪੇ ਵੱਡੀ ਗਿਣਤੀ ਵਿੱਚ ਬਜ਼ੁੁਰਗ, ਮਰਦ, ਔਰਤਾਂ, ਨੌਜਵਾਨ ਤੇ ਬੱਚੇ ਸੜਕ ’ਤੇ ਬੈਠੇ ਰਹੇ।ਜਾਣਕਾਰੀ ਮੁੁਤਾਬਿਕ ਪਿੰਡ ਝੋਰੜਾਂ ਵਾਸੀ ਮੁੁਕੰਦ ਸਿੰਘ (55) ਆਪਣੀ ਪਤਨੀ ਅਮਰਜੀਤ ਕੌਰ (52) ਨਾਲ ਮੋਟਰਸਾਈਕਲ ’ਤੇ ਮੁੱਲਾਂਪੁੁਰ ਨੂੰ ਦਵਾਈ ਲੈਣ ਲਈ ਜਾ ਰਿਹਾ ਸੀ। ਜਦੋਂ ਉਹ ਲੁੁਧਿਆਣਾ-ਬਠਿੰਡਾ ਰਾਜਮਾਰਗ ’ਤੇ ਪੈਂਦੇ ਪਿੰਡ ਨੂਰਪੁੁਰਾ ਵਿਖੇ ਪੁੱਜਿਆ ਤਾਂ ਪਿੱਛੋਂ ਆ ਰਹੇ ਇੱਕ ਰੇਤੇ ਦੇ ਭਰੇ ਟਿੱਪਰ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਮੋਟਰਸਾਈਕਲ ਨੂੰ ਟਿੱਪਰ ਅਗਲੇ ਟਾਇਰ ਥੱਲੇ ਲੈ ਕੇ ਕਾਫੀ ਦੂਰ ਤਕ ਘੜੀਸਦਾ ਹੋਇਆ ਲੈ ਗਿਆ ਅਤੇ ਗੁੁਰਦੁੁਆਰਾ ਸਾਹਿਬ ਵਿਖੇ ਗਤਕੇ ਦੀ ਸਿਖਲਾਈ ਲੈਣ ਜਾ ਰਹੇ 15 ਸਾਲਾ ਨਰਿੰਦਰਜੋਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਨੂਰਪੁੁਰਾ ਨੂੰ ਵੀ ਆਪਣੀ ਲਪੇਟ ਵਿੱਚ ਲਿਆ। ਪਿੰਡ ਵਾਸੀਆਂ ਵੱਲੋਂ ਕਾਫੀ ਰੌਲਾ ਪਾਉਣ ਦੇ ਬਾਅਦ ਚਾਲਕ ਨੇ ਟਿੱਪਰ ਰੋਕਿਆ ਅਤੇ ਪਿੰਡ ਵਾਸੀਆਂ ਨੇ ਟਿੱਪਰ ਚਾਲਕ ਹਰਮਿੰਦਰ ਸਿੰਘ ਵਾਸੀ ਧੀਂਗੜ (ਬਠਿੰਡਾ) ਨੂੰ ਮੌਕੇ ’ਤੇ ਕਾਬੂ ਕਰ ਲਿਆ। ਹਾਦਸੇ ਦੌਰਾਨ ਤਿੰਨੇ ਜਣੇ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।ਇਸ ਮੌਕੇ ਭੜਕੇ ਪਿੰਡ ਵਾਸੀਆਂ ਨੇ ਲੁੁਧਿਆਣਾ-ਬਠਿੰਡਾ ਰਾਜਮਾਰਗ ’ਤੇ ਧਰਨਾ ਲਾ ਕੇ ਚੱਕਾ ਜਾਮ ਕਰ ਦਿੱਤਾ। ਹਾਦਸੇ ਵਿੱਚ ਜਖਮੀ ਲੜਕੇ ਨਰਿੰਦਰਜੋਤ ਸਿੰਘ ਦੀ ਮਾਤਾ ਰਣਜੀਤ ਕੌਰ, ਮੌਕੇ ’ਤੇ ਮੌਜੂਦ ਖੁੁਸਜਿੰਦਰ ਸਿੰਘ ਅਤੇ ਝੋਰੜਾਂ ਵਾਸੀ ਬਜ਼ੁੁਰਗ ਪਤੀ-ਪਤਨੀ ਦੇ ਭਰਾ ਜਸਵਿੰਦਰ ਸਿੰਘ ਅਤੇ ਭੈਣ ਸਰਬਜੀਤ ਕੌਰ ਨੇ ਦੱਸਿਆ ਕਿ ਹਸਪਤਾਲ ਵਿੱਚ ਜੇਰੇ ਇਲਾਜ ਮੁੁਕੰਦ ਸਿੰਘ ਅਤੇ ਉਸ ਦੀ ਪਤਨੀ ਅਮਰਜੀਤ ਕੌਰ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ ਜਦਕਿ ਬੱਚਾ ਨਰਿੰਦਰਜੋਤ ਸਿੰਘ ਗੰਭੀਰ ਹਾਲਤ ਵਿੱਚ ਜੇਰੇ ਇਲਾਜ ਹੈ।ਇਸ ਮੌਕੇ ਪੁੁਲਿਸ ਥਾਣਾ ਸਦਰ ਰਾਏਕੋਟ ਦੇ ਐੱਸਐੱਚਓ ਅੰਮ੍ਰਿਤਪਾਲ ਸਿੰਘ ਅਤੇ ਪੁੁਲਿਸ ਥਾਣਾ ਸਿਟੀ ਰਾਏਕੋਟ ਦੇ ਐੱਸਐੱਚਓ ਲਖਵਿੰਦਰ ਸਿੰਘ ਵੱਡੀ ਗਿਣਤੀ ’ਚ ਪੁੁਲਿਸ ਫੋਰਸ ਸਮੇਤ ਘਟਣਾ ਸਥਾਨ ਤੇ ਪੁੱਜੇ ਅਤੇ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ 2 ਵਜੇ ਤੱਕ ਪਿੰਡ ਵਾਸੀਆਂ ਦਾ ਧਰਨਾ ਜਾਰੀ ਸੀ। ਇਸ ਮੌਕੇ ਪਿੰਡ ਵਾਸੀਆਂ ਦੀ ਮੰਗ ਹੈ ਕਿ ਜਿੰਨਾ ਟਿੱਪਰ ਦਾ ਮਾਲਕ ਘਟਨਾ ਸਥਾਨ ’ਤੇ ਨਹੀਂ ਪਹੁੰਚਦਾ, ਉਨਾਂ ਚਿਰ ਇਹ ਧਰਨਾ ਜਾਰੀ ਰਹੇਗਾ। ਇਸ ਸਬੰਧੀ ਜਦੋਂ ਥਾਣਾ ਸਦਰ ਰਾਏਕੋਟ ਦੇ ਐੱਸਐੱਚਓ ਅੰਮ੍ਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਪਤੀ ਪਤਨੀ ਦੇ ਬੇਟੇ ਗੁੁਰਦੀਪ ਸਿੰਘ ਝੋਰੜਾਂ ਦੇ ਬਿਆਨਾਂ ਤੇ ਟਿੱਪਰ ਚਾਲਕ ਹਰਮਿੰਦਰ ਸਿੰਘ ਖਿਲਾਫ਼ ਕੇਸ ਦਰਜ ਕਰ ਕੇ ਹੋਰ ਤਫਤੀਸ਼ ਸ਼ੁੁਰੂ ਕਰ ਦਿੱਤੀ।