ਰਾਏਕੋਟ, 18 ਮਈ ( ਲਿਕੇਸ਼ ਸ਼ਰਮਾਂ, ਰੋਹਿਤ ਗੋਇਲ )-ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮਹੇਰਣਾ ਕਲਾਂ ਦੀ ਅਨਾਜ ਮੰਡੀ ਵਿੱਚ ਕੰਮ ਕਰਦੇ ਇੱਕ ਮਜ਼ਦੂਰ ਨੂੰ ਜ਼ਬਰਦਸਤੀ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ 6 ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਰਾਏਕੋਟ ਵਿੱਚ ਕੇਸ ਦਰਜ ਕੀਤਾ ਗਿਆ, ਜਦੋਂਕਿ ਇਨ੍ਹਾਂ ਵਿੱਚੋਂ ਦੋ ਨੂੰ ਲੋਕਾਂ ਨੇ ਘੇਰ ਕੇ ਮੌਕੇ ਤੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿਤਾ ਜਦੋਂ ਕਿ ਚਾਰ ਭੱਜਣ ’ਚ ਕਾਮਯਾਬ ਹੋ ਗਏ। ਇਸ ਸਬੰਧੀ ਪੁਲਿਸ ਚੌਕੀ ਲੋਹਟਬੱਦੀ ਦੇ ਇੰਚਾਰਜ ਏ.ਐਸ.ਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਪਿੰਡ ਮਿੰਨੀ ਛਪਾਰ ਥਾਣਾ ਜੋਧਾ ਦੇ ਰਹਿਣ ਵਾਲੇ ਰਾਹੁਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਪਿਤਾ ਸਤਪਾਲ ਸਿੰਘ ਨਾਲ ਮਿਲ ਕੇ ਮਹੇਰਣਾ ਕਲਾਂ ਜ਼ਿਲ੍ਹਾ ਲੁਧਿਆਣਾ ਦੀ ਅਨਾਜ ਮੰਡੀ ਵਿੱਚ ਮਜ਼ਦੂਰੀ ਕਰਦਾ ਹੈ। ਦੁਪਹਿਰ ਸਮੇਂ ਇੱਕ ਅਣਪਛਾਤਾ ਲੜਕਾ ਉਸ ਕੋਲ ਆਇਆ ਅਤੇ ਕਿਹਾ ਕਿ ਆਪਣੇ ਈ-ਰਿਕਸ਼ਾ ਦੀ ਕਿਸ਼ਤ ਇਕੱਠੀ ਕਰਨ ਲਈ ਮੈਨੇਜਰ ਆਇਆ ਹੈ ਅਤੇ ਤੈਨੂੰ ਬੁਲਾ ਰਿਹਾ ਹੈ। ਉਸਦੇ ਕਹਿਣ ਤੇ ਉਹ ਉਸ ਨੌਜਵਾਨ ਦੇ ਨਾਲ ਚੱਲ ਪਿਆ। ਜਦੋਂ ਉਹ ਉਸ ਦੇ ਨਾਲ ਗਿਆ ਤਾਂ ਅੱਗੇ ਜਾ ਕੇ ਦੋ ਅਣਪਛਾਤੇ ਲੜਕੇ ਮੰਡੀ ਦੇ ਨਾਲ ਲੱਗਦੀ ਸੜਕ ’ਤੇ ਮੋਟਰਸਾਈਕਲ ਪਲਟੀਨਾ ਕੋਲ ਖੜ੍ਹੇ ਸਨ। ਉਨਾਂ ਨੇ ਕਿਹਾ ਕਿ ਤੇਰਾ ਭਰਾ ਮੋਨੂੰ ਕਿੱਥੇ ਹੈ, ਮੈਂ ਕਿਹਾ ਕਿ ਉਹ ਘਰ ਚਲਾ ਗਿਆ ਹੈ। ਉਸੇ ਸਮੇਂ ਇੱਕ ਕਾਰ ਉੱਥੇ ਆ ਕੇ ਰੁਕੀ। ਜਿਸ ਵਿੱਚ ਦੋ ਹੋਰ ਲੜਕੇ ਅਤੇ ਮੇਰੀ ਭਰਜਾਈ ਪੂਜਾ ਰਾਣੀ ਵਾਸੀ ਬਸਤੀ ਖਾਈ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਬੈਠੇ ਸਨ। ਪੂਜਾ ਰਾਣੀ ਨੇ ਉਨਾਂ ਨੂੰ ਕਿਹਾ ਕਿ ਇਹ ਮੇਰਾ ਦਿਓਰ ਰਾਹੁਲ ਹੈ। ਇਸ ਨੂੰ ਕਾਰ ਵਿਚ ਚੁੱਕ ੇਕ ਸੁੱਟ ਲਓ। ਉਸ ਦੇ ਕਹਿਣ ’ਤੇ ਮੋਟਰਸਾਈਕਲ ਕੋਲ ਖੜ੍ਹੇ ਤਿੰਨ ਲੜਕਿਆਂ ’ਚੋਂ ਇਕ ਨੇ ਉਸ ਦੇ ਸਿਰ ’ਤੇ ਲੋਹੇ ਦੀ ਚੀਜ਼ ਨਾਲ ਵਾਰ ਕਰ ਦਿੱਤਾ ਅਤੇ ਮੈਂ ਹੇਠਾਂ ਡਿੱਗ ਪਿਆ ਅਤੇ ਉਨ੍ਹਾਂ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਮੈਨੂੰ ਚੁੱਕ ਕੇ ਕਾਰ ’ਚ ਸੁੱਟ ਦਿੱਤਾ ਅਤੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਪੈਰ ਕਾਰ ਦੀ ਖਿੜਕੀ ਦੇ ਬਾਹਰ ਸਨ ਇਸ ਲਈ ਉਹ ਖਿੜਕੀ ਬੰਦ ਨਹੀਂ ਕਰ ਸਕੇ। ਜਦੋਂ ਮੈਂ ਰੌਲਾ ਪਾਇਆ ਤਾਂ ਮੇਰੇ ਪਿਤਾ ਸਤਪਾਲ ਦੌੜ ਕੇ ਕਾਰ ਦੇ ਅੱਗੇ ਖੜ੍ਹਾ ਹੋ ਕੇ ਗਿਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸਤੇ ਦਾਣਾ ਮੰਡੀ ਤੋਂ ਹੋਰ ਮਜ਼ਦੂਰ ਉਥੇ ਆ ਗਏ। ਉਨ੍ਹਾਂ ਨੇ ਮੈਨੂੰ ਕਾਰ ’ਚੋਂ ਉਤਾਰਿਆ ਅਤੇ ਮੋਟਰਸਾਈਕਲ ’ਤੇ ਆਏ ਦੋ ਲੜਕਿਆਂ ਨੂੰ ਫੜ ਲਿਆ। ਕਾਰ ਨੂੰ ਵੀ ਮੰਡੀ ਦੇ ਮਜ਼ਦੂਰਾਂ ਨੇ ਘੇਰ ਲਿਆ ਪਰ ਉਹ ਇਸ ਨੂੰ ਭਜਾਉਣ ਵਿੱਚ ਸਫਲ ਰਹੇ। ਮੌਕੇ ’ਤੇ ਫੜੇ ਗਏ ਲੜਕਿਆਂ ਨੇ ਆਪਣੇ ਨਾਮ ਲਾਡੀ ਸਿੰਘ ਵਾਸੀ ਹਰਿਆਓ ਥਾਣਾ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਅਤੇ ਸੰਦੀਪ ਸਿੰਘ ਵਾਸੀ ਗੰਡੂਆ ਥਾਣਾ ਧਰਮਗੜ੍ਹ ਜ਼ਿਲ੍ਹਾ ਸੰਗਰੂਰ ਦੱਸਿਆ ਅਤੇ ਗੱਡੀ ’ਚ ਬੈਠ ਕੇ ਫਰਾਰ ਹੋਣ ਵਾਲੇ ਵਿਅਕਤੀਆਂ ਦੇ ਨਾਂਅ ਪਰਗਟ ਸਿੰਘ, ਸੁਖਵਿੰਦਰ ਸਿੰਘ ਉਰਫ਼ ਸੁੱਖੀ, ਅਕਾਸ਼ਦੀਪ ਸਿੰਘ ਸਾਰੇ ਵਾਸੀ ਹਰਿਆਓ ਥਾਣਾ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਅਤੇ ਪੂਜਾ ਰਾਣੀ ਵਾਸੀ ਬਸਤੀ ਖਾਈ ਜ਼ਿਲ੍ਹਾ ਲਹਿਰਾਗਾਗਾ ਦੱਸਿਆ। ਰਾਹੁਲ ਦੇ ਬਿਆਨ ’ਤੇ ਥਾਣਾ ਸਦਰ ਰਾਏਕੋਟ ’ਚ ਉਕਤ ਸਾਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।