ਸੁਧਾਰ, 14 ਜੂਨ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਬੀਤੀ ਰਾਤ ਸ਼ਰਾਬ ਪੀ ਕੇ ਹੰਗਾਮਾ ਮਚਾਉਣ ਵਾਲੇ ਵਿਅਕਤੀ ਦੀ ਪਿੰਡ ਦੇ ਹੀ ਗੁਆਂਢੀ ਵੱਲੋਂ ਕੁੱਟਮਾਰ ਕਰਨ ਕਰਕੇ ਮੌਤ ਹੋ ਗਈ। ਇਸ ਸਬੰਧੀ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਣਾ ਸੁਧਾਰ ਦੇ ਏਐਸਆਈ ਜਸਵਿੰਦਰ ਸਿੰਘ ਤੂਰ ਨੇ ਦੱਸਿਆ ਕਿ ਗੱਜਣ ਸਿੰਘ (62 ਸਾਲ) ਪਿੰਡ ਬੋਪਾਰਾਏ ਕਲਾਂ ਆਪਣੇ ਘਰ ਇਕੱਲਾ ਰਹਿੰਦਾ ਸੀ ਅਤੇ ਅਕਸਰ ਸ਼ਰਾਬ ਪੀ ਕੇ ਹੰਗਾਮਾ ਕਰਦਾ ਰਹਿੰਦਾ ਸੀ। ਜਿਸ ਕਾਰਨ ਆਸਪਾਸ ਦੇ ਲੋਕ ਪ੍ਰੇਸ਼ਾਨ ਸਨ। ਵੀਰਵਾਰ ਦੀ ਰਾਤ ਵੀ ਉਸ ਨੇ ਸ਼ਰਾਬ ਪੀ ਕੇ ਗਲੀ ਵਿਚ ਹੰਗਾਮਾ ਕਰ ਦਿੱਤਾ। ਜਦੋਂ ਗੁਆਂਢੀ ਗੁਰਮੁੱਖ ਸਿੰਘ ਉਸ ਨੂੰ ਰੋਕਣ ਲਈ ਗਿਆ ਤਾਂ ਉਸ ਨੇ ਉਸ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤਾਂ ਗੁਰਮੁਖ ਸਿੰਘ ਨੇ ਉਸ ਦੀ ਕੁੱਟਮਾਰ ਕੀਤੀ। ਸੱਟਾਂ ਲੱਗਣ ਕਾਰਨ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰ ਨੇ ਉਸ ਦਾ ਇਲਾਜ ਕਰ ਕੇ ਘਰ ਭੇਜ ਦਿੱਤਾ। ਉਸ ਨੂੰ ਘਰ ਛੱਡ ਕੇ ਸਾਰੇ ਆਪੋ-ਆਪਣੇ ਘਰਾਂ ਨੂੰ ਚਲੇ ਗਏ ਅਤੇ ਗੱਜਣ ਸਿੰਘ ਵੀ ਰਾਤ ਨੂੰ ਸੌਂ ਗਿਆ ਪਰ ਸਵੇਰੇ ਜਾਗ ਨਾ ਸਕਿਆ ਅਤੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਪਿੰਡ ਬੋਪਾਰਾਏ ਦੇ ਮਨਦੀਪ ਸਿੰਘ ਦੇ ਬਿਆਨਾਂ ’ਤੇ ਗੱਜਣ ਸਿੰਘ ਦੀ ਕੁੱਟਮਾਰ ਕਰਨ ਵਾਲੇ ਗੁਰਮੁੱਖ ਸਿੰਘ ਵਾਸੀ ਪਿੰਡ ਬੋਪਾਰਾਏ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਲਈ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।