ਸੂਬੇ ਦੇ ਟੌਲ ਪਲਾਜ਼ਿਆਂ ਤੇ ਕਿਸਾਨ ਜਥੇਬੰਦੀਆਂ ਦੇ ਕਾਰਡਾਂ ਦੀ ਦੁਰਵਰਤੋਂ ਦਾ ਖੁਲਾਸਾ ਹੋਣ ਤੇ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਮਾਮਲੇ ਮੀਡੀਆ ਵੱਲੋਂ ਵੀ ਤਿੱਖਾ ਪ੍ਰਤੀਕਰਮ
ਜਗਰਾਉਂ, 8 ਦਸੰਬਰ ( ਭਗਵਾਨ ਭੰਗੂ)-ਵੀਰਵਾਰ ਨੂੰ ਲੁਧਿਆਣਾ ਜਿਲ੍ਹੇ ਦੇ ਪੱਤਰਕਾਰਾਂ ਦੀ ਇਕੱਤਰਤਾ ਹੋਈ, ਇਸ ਇਕੱਤਰਤਾ ਵਿੱਚ ਕੁਝ ਕਿਸਾਨ ਆਗੂਆਂ ਵੱਲੋਂ ਮੀਡੀਆ ਖਿਲਾਫ ਸ਼ਿਕਾਇਤ ਦੇਣ ਦੇ ਮਾਮਲੇ ਦੀ ਨਿੰਦਾ ਕਰਦਿਆਂ ਇਸਨੂੰ ਮੀਡੀਆ ਦੀ ਆਜ਼ਾਦੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ, ਜਿਸ ਦਾ ਮੀਡੀਆ ਭਾਈਚਾਰਾ ਵੀ ਬਰਾਬਰ ਜਬਾਬ ਦੇਵੇਗਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਮੀਡੀਆ ਨੇ ਕਿਸਾਨ ਭਾਈਚਾਰੇ ਦੀ ਆਵਾਜ਼ ਬਣਦਿਆ ਉਨ੍ਹਾਂ ਨੂੰ ਜਿੱਤ ਦਵਾਉਣ ਵਿਚ ਵੱਡਾ ਯੋਗਦਾਨ ਪਾਇਆ । ਅੱਜ ਜਦੋਂ ਮੀਡੀਆ ਵੱਲੋਂ ਕਿਸਾਨ ਜਥੇਬੰਦੀਆਂ ਦੇ ਟੋਲ ਪਲਾਜ਼ਿਆਂ ਤੇ ਕਾਰਡਾਂ ਦੀ ਦੁਰਵਰਤੋਂ ਦੀ ਹਕੀਕਤ ਨੂੰ ਉਜਾਗਰ ਕੀਤਾ ਗਿਆ ਤਾਂ ਇਸ ਸੱਚ ਤੇ ਕਾਰਵਾਈ ਕਰਨ ਦੀ ਥਾਂ ਉਲਟਾ ਮੀਡੀਆ ਨਾਲ ਹੀ ਟਕਰਾਅ ਪੈਦਾ ਕਰਦਿਆ ਮੀਡੀਆ ਦੀ ਆਜ਼ਾਦੀ ਤੇ ਹਮਲਾ ਕਰਦਿਆਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ। ਬੁਲਾਰਿਆਂ ਨੇ ਕਿਹਾ ਕਿ ਮੀਡੀਆ ਹਮੇਸ਼ਾਂ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ, ਅਜਿਹੇ ਵਿਚ ਪੁਲਿਸ ਸ਼ਿਕਾਇਤ ਜਾਂ ਕਿਸੇ ਹੋਰ ਤਰ੍ਹਾਂ ਦੇ ਐਕਸ਼ਨ ਤੋਂ ਨਹੀਂ ਡਰੇਗਾ। ਅੱਜ ਦੀ ਇਕੱਤਰਤਾ ਦੌਰਾਨ ਇਸ ਮਾਮਲੇ ਨੂੰ ਲੈ ਕੇ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਸੀਨੀਅਰ ਪੱਤਰਕਾਰ ਜਸਪਾਲ ਸਿੰਘ ਹੇਰਾਂ, ਜਗਰਾਉਂ ਤੋਂ ਜੋਗਿੰਦਰ ਸਿੰਘ, ਰਾਏਕੋਟ ਤੋਂ ਬਲਵਿੰਦਰ ਸਿੰਘ, ਸੁਧਾਰ ਤੋਂ ਕੰਵਰਪਾਲ ਸਿੰਘ ਆਹਲੂਵਾਲੀਆ, ਮੁੱਲਾਂਪੁਰ ਦਾਖਾ ਤੋਂ ਰਾਜ ਜੋਸ਼ੀ, ਮੋਗਾ ਤੋਂ ਸ਼ਮਸ਼ੇਰ ਸਿੰਘ ਗਾਲਿਬ ਅਤੇ ਜਸਵੀਰ ਸਿੰਘ ਸ਼ੇਤਰਾ ਇਸ ਕਮੇਟੀ ਦੇ ਮੈਂਬਰ ਹੋਣਗੇ। ਇਸ ਮਾਮਲੇ ਵਿਚ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਉਕਤ ਕਮੇਟੀ ਅਗਵਾਈ ਕਰਦੀ ਹੋਈ ਕਾਰਵਾਈ ਕਰੇਗੀ। ਇਸ ਮੌਕੇ ਸਤਨਾਮ ਵੜੈਚ, ਮਲਕੀਤ ਸਿੰਘ, ਰਾਹੁਲ ,ਚਰਨਜੀਤ ਸ਼ਰਮਾ, ਕੁਲਦੀਪ ਲੋਹਟ, ਭਗਵਾਨ ਢਿੱਲੋਂ ,ਰਵਿੰਦਰ ਟੂਸੇ, ਬਲਵਿੰਦਰ ਸਿੰਘ ਲਿੱਤਰ, ਗੁਰਚਰਨ ਸਿੰਘ ,ਅਮਰਜੀਤ ਧੰਜਲ ਆਦਿ ਹਾਜ਼ਰ ਸਨ।
