ਇਨਸਾਫ਼ ਨਾ ਮਿਲਣ ਤੱਕ ਭੁੱਖ ਹੜਤਾਲ ਦਾ ਐਲਾਨ
ਪੁਲਿਸ ਨੇ ਇਨਸਾਫ਼ ਮੰਗਦੇ ਫੌਜੀ ਤੇ ਹੀ ਕੀਤੀ ਕਾਰਵਾਈ
ਜਗਰਾਉਂ, 13 ਦਸੰਬਰ ( ਭਗਵਾਨ ਭੰਗੂ, ਮੋਹਿਤ ਜੈਨ )- ਸਾਬਕਾ ਫੌਜੀ ਨੇ ਇਨਸਾਫ਼ ਲੈਣ ਲਈ ਐਸਐਸਪੀ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਇਨਸਾਫ਼ ਨਾ ਮਿਲਣ ਤੱਕ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ। ਸਾਬਕਾ ਫੌਜੀ ਗੁਰਚਰਨ ਸਿੰਘ ਵਾਸੀ ਪਿੰਡ ਬੰਗਸੀਪੁਰਾ ਨੇ ਦੱਸਿਆ ਕਿ ਜਗਰਾਓਂ ਦੇ ਇਕ ਨਾਮੀ ਆੜਤੀਏ ਵਲੋਂ ਉਸ ਨਾਲ ਧੋਖਾਧੜੀ ਕਰਕੇ ਉਸ ਦੀ ਜ਼ਮੀਨ ਉਸ ਦੇ ਨਾਂ ’ਤੇ ਕਰਵਾ ਲਈ ਗਈ। ਜਿਸਦੇ ਖਿਲਾਫ ਸਥਾਨਕ ਪੁਲਿਸ ਕੋਈ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ। ਜਦੋਂ ਉਸ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਤਾਂ ਸਾਲ 2018 ਵਿੱਚ ਜਾਂਚ ਤੋਂ ਬਾਅਦ ਕੋਰਟ ਦੇ ਨਿਰਦੇਸ਼ਾਂ ਤੇ ਪੁਲਿਸ ਵਲੋਂ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ, ਪਰ ਬਾਅਦ ਵਿੱਚ ਪੁਲੀਸ ਵੱਲੋਂ ਉਸ ਦੀ ਕੈਂਸਲੇਸ਼ਨ ਭਰ ਦਿਤੀ ਗਈ। ਜਿਸ ’ਤੇ ਉਸ ਨੇ ਮੁੜ ਅਦਾਲਤ ਤੱਕ ਪਹੁੰਚ ਕੀਤੀ ਤਾਂ ਮਈ 2022 ’ਚ ਲੋਕ ਅਦਾਲਤ ਨੇ ਪੁਲਿਸ ਜ਼ਿਲ੍ਹਾ ਲੁਧਿਆਣਾ ਦੇਹਾਤ ਨੂੰ ਮਾਮਲੇ ਦੀ ਮੁੜ ਜਾਂਚ ਕਰਨ ਦੇ ਨਿਰਦੇਸ਼ ਦਿੱਤੇ । ਜਿਸ ਤੋਂ ਬਾਅਦ ਹੁਣ ਤੱਕ ਪੁਲਿਸ ਵੱਲੋਂ ਉਸ ਨੂੰ ਕੋਈ ਇਨਸਾਫ਼ ਨਹੀਂ ਦਿੱਤਾ ਗਿਆ। ਦੂਜੇ ਪਾਸੇ ਦੇ ਲੋਕ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ ਅਤੇ ਇਕ ਵਾਰ ਤਾਂ ਉਨ੍ਹਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ। ਪੁਲਿਸ ਮੈਨੂੰ ਇਨਸਾਫ਼ ਦੇਣ ਦੀ ਬਜਾਏ ਉਨ੍ਹਾਂ ਦਾ ਪੱਖ ਪੂਰ ਰਹੀ ਹੈ। ਜਿਸ ਕਾਰਨ ਅੱਜ ਤੋਂ ਐਸਐਸਪੀ ਦਫ਼ਤਰ ਅੱਗੇ ਭੁੱਖ ਹੜਤਾਲ ’ਤੇ ਬੈਠਣ ਲਈ ਮਜਬੂਰ ਹੋਇਆ ਹਾਂ। ਸਾਬਕਾ ਸੈਨਿਕ ਨੇ ਕਿਹਾ ਕਿ ਉਹ ਇਨਸਾਫ਼ ਮਿਲਣ ਤੱਕ ਭੁੱਖ ਹੜਤਾਲ ਜਾਰੀ ਰੱਖਣਗੇ। ਅੱਜ ਤੋਂ ਬਾਅਦ ਉਹ ਕੁਝ ਵੀ ਨਹੀਂ ਖਾਣਗੇ ਅਤੇ ਇਨਸਾਫ ਲਈ ਮੁੱਖ ਮੰਤਰੀ ਭਗਵੰਤ ਮਾਨ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਵੀ ਆਪਣੀ ਫਰਿਆਦ ਲੈ ਕੇ ਜਾਣਗੇ।
ਕੀ ਕਹਿਣਾ ਹੈ ਡੀਐਸਪੀ ਦਾ- ਇਸ ਸਬੰਧੀ ਮੌਕੇ ’ਤੇ ਪੁੱਜੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸਾਬਕਾ ਫੌਜੀ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਸੀ। ਜੋ ਜਾਂਚ ਤੋਂ ਬਾਅਦ ਗਲਤ ਪਾਇਆ ਗਿਆ ਤਾਂ ਇਸ ਨੂੰ ਰੱਦ ਕਰ ਦਿੱਤਾ ਗਿਆ। ਸਾਬਕਾ ਫੌਜੀ ਵੱਲੋਂ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਗਈ ਸੀ, ਜਿਸ ’ਤੇ ਅਦਾਲਤ ਨੇ ਕੇਸ ਦੀ ਮੁੜ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ। ਜਿਸ ਦੀ ਜਾਂਚ ਅਜੇ ਜਾਰੀ ਹੈ। ਜੇਕਰ ਜਾਂਚ ਵਿੱਚ ਗੁਰਚਰਨ ਸਿੰਘ ਦੇ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਉਸ ਕੇਸ ਨੂੰ ਦੁਬਾਰਾ ਸਟੈਂਡ ਕਰਕੇ ਸ਼ਾਮਲ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਜੇਕਰ ਸੱਚਾਈ ਸਾਹਮਣੇ ਨਹੀਂ ਆਉਂਦੀ ਤਾਂ ਕੋਈ ਕਾਰਵਾਈ ਨਹੀਂ ਹੋ ਸਕਦੀ।
ਪੁਲਿਸ ਨੇ ਇਨਸਾਫ਼ ਮੰਗਦੇ ਫੌਜੀ ਖਿਲਾਫ਼ ਕਾਰਵਾਈ ਕਰ ਦਿਤੀ। ਥਾਣਾ ਸਿਟੀ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਕਿਹਾ ਕਿ ਸਾਬਕਾ ਫੌਜੀ ਖਿਲਾਫ਼ ਕਾਨੂੰਨੀ ਕਾਰਵਾਈ ਉਪਰੰਤ ਉਸਨੂੰ ਘਰ ਭੇਜ ਦਿੱਤਾ ਗਿਆ ਹੈ।