ਹਠੂਰ , 16 ਦਸੰਬਰ ( ਮੋਹਿਤ ਜੈਨ, ਅਸ਼ਵਨੀ )-ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਨੇ ਸੋਸ਼ਲ ਮੀਡੀਆ ’ਤੇ ਹਥਿਆਰਾਂ ਨਾਲ ਫੋਟੋਆਂ ਅਤੇ ਵੀਡੀਓਜ਼ ਅਪਲੋਡ ਕਰਨ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾ ਦਿੱਤੀ ਹੈ, ਨਾਲ ਹੀ ਉਨ੍ਹਾਂ ਫੋਟੋਆਂ ਅਤੇ ਵੀਡੀਓ ਨੂੰ ਡਿਲੀਟ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ ਜੋ ਪਹਿਲਾਂ ਹਥਿਆਰਾਂ ਸਮੇਤ ਪੋਸਟ ਕੀਤੀਆਂ ਗਈਆਂ ਸਨ। ਹਥਿਆਰਾਂ ਨਾਲ ਫੋਟੋ ਅਪਵੋਡ ਕਰਨ ਦੇ ਸੰਬਧ ਵਿਚ ਥਾਣਾ ਹਠੂਰ ਵਿਖੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ।ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਮੇਨ ਚੌਕ ਬੱਸ ਸਟੈਂਡ ਹਠੂਰ ਵਿਖੇ ਚੈਕਿੰਗ ਦੌਰਾਨ ਮੌਜੂਦ ਸਨ। ਉੱਥੇ ਉਸ ਨੇ ਮੋਬਾਈਲ ’ਤੇ ਇੰਸਟਾਗ੍ਰਾਮ ਸਾਈਟ ਵੇਖੀ ਅਤੇ ਉਸ ਇੰਸਟਾਗ੍ਰਾਮ ਆਈਡੀ ’ਤੇ ਪ੍ਰਿਤਪਾਲ ਗਿੱਲ ਨਾਮ ਦੇ ਵਿਅਕਤੀ ਨੇ ਹੱਥ ’ਚ ਹਥਿਆਰ ਫੜੀ ਉਸ ਦੀ ਫੋਟੋ ਇੰਸਟਾਗ੍ਰਾਮ ਆਈਡੀ ’ਤੇ ਅਪਲੋਡ ਕੀਤੀ ਹੋਈ ਸੀ। ਜਿਸ ਨੂੰ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਡਿਲੀਟ ਨਹੀਂ ਕੀਤਾ। ਇੰਸਟਾਗ੍ਰਾਮ ਆਈਡੀ ਚੈਕ ਕਰਨ ਤੇ ਮੋਬਾਈਲ ਪ੍ਰਿਤਪਾਲ ਸਿੰਘ ਦੇ ਨਾਮ ਦਾ ਸੀ ਅਤੇ ਉਕਤ ਇੰਸਟਾਗ੍ਰਾਮ ਆਈਡੀ ਦੀ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਇਹ ਇੰਸਟਾਗ੍ਰਾਮ ਆਈਡੀ ਪ੍ਰਿਤਪਾਲ ਸਿੰਘ ਦੇ ਨਾਮ ’ਤੇ ਬਣਾਈ ਗਈ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਆਈਡੀ ’ਤੇ ਹਥਿਆਰਾਂ ਨਾਲ ਇੱਕ ਫੋਟੋ ਪੋਸਟ ਕੀਤੀ ਸੀ। ਇਸ ਸਬੰਧੀ ਥਾਣਾ ਹਠੂਰ ਵਿੱਚ ਪ੍ਰਿਤਪਾਲ ਸਿੰਘ ਉਰਫ਼ ਪ੍ਰੀਤਾ ਵਾਸੀ ਪਿੰਡ ਝੋਰੜਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।