ਜਗਰਾਉਂ, 19 ਦਸੰਬਰ ( ਰਾਜੇਸ਼ ਜੈਨ, ਲਿਕੇਸ਼ ਸ਼ਰਮਾਂ )-ਬੀਡੀਪੀਓ ’ਤੇ ਪੱਖਪਾਤੀ ਹੋਣ ਦਾ ਦੋਸ਼ ਲਾਉਂਦਿਆਂ ਪਿੰਡ ਅਮਰਗੜ੍ਹ ਕਲੇਰ ਦੇ ਪੰਚ ਪ੍ਰੇਮਚੰਦ ਨੇ ਆਪਣੇ ਸਾਥੀ ਪੰਚਾਂ ਸਮੇਤ ਬੀਡੀਪੀਓ ਦਫ਼ਤਰ ਦਾ ਘਿਰਾਓ ਕੀਤਾ ਅਤੇ ਅਧਿਕਾਰੀਆਂ ’ਤੇ ਸਿਆਸੀ ਦਬਾਅ ਕਾਰਨ ਪੱਖਪਾਤ ਕਰਨ ਦੇ ਦੋਸ਼ ਲਾਏ। ਪੰਚ ਪ੍ਰੇਮਚੰਦ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਰਪੰਚ ਕਰਨੈਲ ਸਿੰਘ ਦੀ ਕਰੀਬ 2 ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪਿੰਡ ਦੇ 9 ਪੰਚਾਂ ਵੱਲੋਂ ਸਰਬਸੰਮਤੀ ਨਾਲ ਉਨ੍ਹਾਂ ਨੂੰ ਕਾਰਜਕਾਰੀ ਸਰਪੰਚ ਬਣਾਇਆ ਗਿਆ ਸੀ। ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਕੁਝ ਸਮਾਂ ਬਾਅਦ ਹੀ ਕੁਝ ਪੰਚ ਉਸ ਦੇ ਖ਼ਿਲਾਫ਼ ਹੋ ਗਏ ਸਨ ਅਤੇ ਉਸ ਨੂੰ ਕਾਰਜਕਾਰੀ ਸਰਪੰਚ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਪਰ ਕੁਝ ਸਮੇਂ ਬਾਅਦ ਉਸ ਵਿਚ ਮੁੜ ਬਹੁਮਤ ਹਾਸਲ ਕਰ ਲਿਆ ਅਤੇ ਉਸ ਦੇ ਹੱਕ ਵਿੱਚ 5 ਪੰਚ ਅਤੇ ਵਿਰੋਧੀ ਧਿਰ ਵਿੱਚ 4 ਪੰਚ ਸਨ। ਉਹ ਪਿਛਲੇ 6 ਮਹੀਨਿਆਂ ਤੋਂ ਆਪਣੇ ਸਾਥੀ ਪੰਚਾਂ ਸਮੇਤ ਸਬੰਧਤ ਕਾਨੂੰਨੀ ਕਾਰਵਾਈ ਲਈ ਬੀ.ਡੀ.ਪੀ.ਓ ਦਫ਼ਤਰ ਜਗਰਾਓਂ ਦੇ ਗੇੜੇ ਮਾਰ ਰਹੇ ਹਨ ਪਰ ਬੀਡੀਪੀਓ ਉਨ੍ਹਾਂ ਨੂੰ ਸਮਾਂ ਦੇਣ ਦੇ ਬਾਵਜੂਦ ਮੀਟਿੰਗ ਵਾਲੇ ਦਿਨ ਵੀ ਦਫ਼ਤਰ ਵਿੱਚ ਹਾਜ਼ਰ ਨਹੀਂ ਹੁੰਦੇ। ਜਿਸ ਕਾਰਨ ਪਿਛਲੇ 6 ਮਹੀਨਿਆਂ ਤੋਂ ਬੀ.ਡੀ.ਪੀ.ਓ ਦਫ਼ਤਰ ਦੇ ਗੇੜੇ ਮਾਰ ਰਹੇ ਹਨ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਕਾਨੂੰਨੀ ਅਨੁਸਾਰ ਬਣਦੀ ਕਾਰਵਾਈ ਲਈ ਬੀ.ਡੀ.ਪੀ.ਓ. ਵੱਲੋਂ ਪੰਚਾਇਤ ਅਫਸਰ ਸੁਖਬੀਰ ਸਿੰਘ ਦੀ ਡਿਊਟੀ ਲਗਾਈ ਗਈ ਸੀ। ਜਦੋਂ ਉਹ ਆਪਣੇ ਸਾਥੀ ਪੰਚਾਂ ਅਤੇ ਪਿੰਡ ਦੇ ਹੋਰ ਲੋਕਾਂ ਨੂੰ ਨਾਲ ਲੈ ਕੇ ਬੀਡੀਪੀਓ ਦਫ਼ਤਰ ਪੁੱਜੇ ਤਾਂ ਉਨ੍ਹਾਂ ਨਾਲ ਗੱਲਬਾਤ ਕੀਤੇ ਬਿਨਾਂ ਪੰਚਾਇਤ ਅਫ਼ਸਰ ਸੁਖਬੀਰ ਸਿੰਘ ਦਫ਼ਤਰ ਛੱਡ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਸਿਆਸੀ ਦਬਾਅ ਕਾਰਨ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਪੰਚ ਰਣਜੀਤ ਸਿੰਘ, ਹਰਚਰਨਜੀਤ ਸ਼ਰਮਾ, ਕੁਲਜੀਤ ਸਿੰਘ ਗੁਰਸੇਵਕ ਸਿੰਘ, ਜਗਤਾਰ ਸਿੰਘ ਜਸਪਾਲ ਸਿੰਘ, ਕੈਪਟਨ ਕੇਵਲ ਸਿੰਘ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਰਿੰਕੂ ਤੂਰ ਆਦਿ ਹਾਜ਼ਰ ਸਨ।
ਕੀ ਕਹਿਣਾ ਹੈ ਪੰਚਾਇਤ ਅਧਿਕਾਰੀ ਦਾ- ਇਸ ਸਬੰਧੀ ਜਦੋਂ ਪੰਚਾਇਤ ਅਧਿਕਾਰੀ ਸੁਖਬੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਅਮਰਗੜ੍ਹ ਕਲੇਰ ਦੇ ਪੰਚਾਂ ਨੂੰ ਬੀਡੀਪੀਓ ਵੱਲੋਂ ਅੱਜ ਨਹੀਂ ਸਗੋਂ 16 ਦਸੰਬਰ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ। ਉਸ ਨੇ ਦੱਸਿਆ ਕਿ ਉਸ ਦਿਨ ਕਿਸੇ ਜ਼ਰੂਰੀ ਕੰਮ ਕਾਰਨ ਬੀਡੀਪੀਓ ਮੈਡਮ ਨੇ ਕਿਤੇ ਬਾਹਰ ਜਾਣਾ ਸੀ। ਜਿਸ ਕਾਰਨ ਉਹ ਉਸ ਦਿਨ ਪਿੰਡ ਅਮਰਗੜ੍ਹ ਕਲੇਰ ਦੇ ਪੰਚਾਂ ਨੂੰ ਨਹੀਂ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਵਿਭਾਗ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਕੀ ਕਹਿਣਾ ਹੈ ਵਿਧਾਇਕ ਦਾ- ਇਸ ਸਬੰਧੀ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਅਧਿਕਾਰੀਆਂ ’ਤੇ ਕੋਈ ਸਿਆਸੀ ਦਬਾਅ ਨਹੀਂ ਹੈ, ਸਗੋਂ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ ’ਚ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਨਗੇ। ਉਨ੍ਹਾਂ ਨੂੰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਲਈ ਕਿਹਾ ਗਿਆ ਹੈ।