ਚਾਹਵਾਨ ਰੋਜ਼ਗਾਰ ਦਫ਼ਤਰ ਮੋਗਾ ਵਿਖੇ 18 ਜਨਵਰੀ ਤੱਕ ਦੇ ਸਕਦੇ ਹਨ ਅਰਜ਼ੀਆਂ-ਜ਼ਿਲ੍ਹਾ ਰੋਜ਼ਗਾਰ ਅਫ਼ਸਰ
ਮੋਗਾ, 12 ਜਨਵਰੀ ( ਅਸ਼ਵਨੀ) -ਜ਼ਿਲ੍ਹਾ ਰੋਜ਼ਗਾਰ ਉੱਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਮੋਗਾ ਸ਼੍ਰੀਮਤੀ ਪਰਮਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਟਕ ਮਹਿੰਦਰਾ ਬੈਂਕ ਵਿੱਚ ਐਗਜ਼ੀਕਿਊਸ਼ਨ ਮੈਨੇਜਰ ਅਤੇ ਜੂਨੀਅਰ ਐਗਜ਼ੀਕਿਊਸ਼ਨ ਮੈਨੇਜਰ ਦੀਆਂ 50 ਅਸਾਮੀਆਂ ਲਈ ਪੂਰੇ ਪੰਜਾਬ ਵਿੱਚ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ । ਇਨ੍ਹਾਂ ਆਸਾਮੀਆਂ ਲਈ ਚਾਹਵਾਨ ਉਮੀਦਵਾਰ ਜ਼ਿਲ੍ਹਾ ਰੋਜ਼ਗਾਰ ਦਫ਼ਤਰਾਂ ਜਰੀਏ ਆਪਣੀਆਂ ਅਰਜ਼ੀਆਂ ਭੇਜ ਸਕਦੇ ਹਨ।ਜ਼ਿਲ੍ਹਾ ਮੋਗਾ ਨਾਲ ਸਬੰਧਤ ਉਮੀਦਵਾਰ 18 ਜਨਵਰੀ 2023 ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਦੇ ਦਫ਼ਤਰ ਜਿਹੜਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਚਨਾਬ ਜਿਹਲਮ ਬਿਲਡਿੰਗ, ਤੀਜ਼ੀ ਮੰਜ਼ਿਲ ਵਿਖੇ ਸਥਿਤ ਹੈ ਵਿਖੇ ਪਹੁੰਚ ਕੇ ਆਪਣੀਆਂ ਅਰਜ਼ੀਆਂ ਦੇ ਸਕਦੇ ਹਨ। ਇਸ ਸਮੇਂ ਉਮੀਦਵਾਰ ਆਪਣੇ ਨਾਲ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ ਲਾਜ਼ਮੀ ਤੌਰ ਤੇ ਲਿਆਉਣ। ਵਧੇਰੇ ਜਾਣਕਾਰੀ ਲਈ 62392-66860 ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਦੇਣ ਲਈ ਪ੍ਰਾਰਥੀ ਦਾ ਗ੍ਰੈਜੂਏਟ ਜਾਂ ਪੋਸਟ ਗਰੈਜੂਏਟ ਹੋਣਾ ਲਾਜ਼ਮੀ ਹੈ। ਉਮੀਦਵਾਰ ਦੇ ਦਸਵੀਂ, ਬਾਰਵੀਂ ਅਤੇ ਗਰੈਜੂਏਸ਼ਨ ਵਿੱਚੋਂ 50 ਫੀਸਦੀ ਅੰਕ ਹੋਣੇ ਜਰੂਰੀ ਹਨ ਅਤੇ ਉਮਰ ਸੀਮਾ 18 ਤੋਂ 26 ਸਾਲ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਰਜ਼ੀਆਂ ਲਈ ਲੜਕੇ, ਲੜਕੀਆਂ ਦੋਨੋਂ ਹੀ ਅਪਲਾਈ ਕਰ ਸਕਦੇ ਹਨ ਅਤੇ ਇਸ ਦਾ ਸਲਾਨਾ ਪੈਕੇਜ 2.25 ਤੋਂ 3.25 ਲੱਖ ਰੁਪਏ ਹੈ, ਜਿਹੜਾ ਕਿ ਬਹੁਤ ਵਧੀਆ ਪੈਕੇਜ ਹੈ।ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਆਸਾਮੀਆਂ ਲਈ ਜਰੂਰ ਅਪਲਾਈ ਕਰਨ।