ਜਗਰਾਉਂ, 3 ਫਰਵਰੀ ( ਰਾਜਨ ਜੈਨ, ਵਿਕਾਸ ਮਠਾੜੂ)-ਜੀ. ਐਚ. ਜੀ.ਅਕੈਡਮੀ, ਜਗਰਾਓ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਇਸ ਸੰਸਥਾ ਚੋ ਵਿੱਦਿਆ ਪ੍ਰਾਪਤ ਕਰਕੇ ਅਮਰੀਕਾ ਚ ਡਾਕਟਰ ਬਣ ਕੇ ਅਕੈਡਮੀ ਦਾ ਨਾਂਅ ਰੌਸ਼ਨ ਕੀਤਾ ।ਉਸ ਨੇ ਵਿਦਿਆਰਥੀ ਜੀਵਨ ਤੋਂ ਆਪਣੀ ਮੰਜ਼ਲ ਪ੍ਰਾਪਤ ਕਰਨ ਦੀ ਯਾਤਰਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੇ ਉਸ ਨੂੰ ਇਸ ਸੰਸਥਾ ਦੇ ਪਰਿਵਾਰ ਵਰਗੇ ਮਾਹੌਲ ਵਿੱਚੋਂ ਹੀ ਉਸ ਦੀ ਸ਼ਖਸ਼ੀਅਤ ਨੂੰ ਪੁੰਗਰਨ ਦਾ ਮੌਕਾ ਮਿਲਿਆ। ਉਸਨੇ ਕਿਹਾ ਕਿ ਉਹ ਇਸ ਸੰਸਥਾ ਦੀ ਅਤੇ ਇਸ ਦੇ ਚੇਅਰਮੈਨ ਗੁਰਮੇਲ ਸਿੰਘ ਮੱਲੀ ਡਰੈਕਟਰ ਬਲਜੀਤ ਸਿੰਘ ਮੱਲੀ ,ਪ੍ਰਿੰਸੀਪਲ ਮੈਡਮ ਕਿਰਨਦੀਪ ਕੌਰ ਸੋਢੀ ਅਤੇ ਅਧਿਆਪਕ ਸਾਹਿਬਾਨਾਂ ਦੀ ਹਮੇਸ਼ਾਂ ਰਿਣੀ ਰਹੇਗੀ। ਜਿਨ੍ਹਾਂ ਸਦਕਾ ਉਹ ਇਸ ਮੁਕਾਮ ਤੇ ਪਹੁੰਚਣ ਦੇ ਕਾਬਲ ਬਣ ਸਕੀ। ਉਸ ਨੇ ਕਿਹਾ ਕਿ ਉਦੇਸ਼ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਦੀ ਜ਼ਰੂਰਤ ਹੈ। ਜੇਕਰ ਤੁਸੀਂ ਮਿਹਨਤ ਕਰਦੇ ਹੋ ਤਾਂ ਪਰਮਾਤਮਾ ਹਰ ਸਮੇਂ ਤੁਹਾਡੀ ਮਦਦ ਲਈ ਹਾਜ਼ਰ ਰਹਿੰਦਾ ਹੈ। ਉਸ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਟੀਚੇ ਬਾਰੇ ਪੁੱਛਿਆ ਅਤੇ ਕਿਹਾ ਕਿ ਡਾਕਟਰ ਬਣਨਾ ਬਹੁਤ ਸੌਖਾ ਹੈ। ਤੁਹਾਡੇ ਵਿਚ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ ।ਅਖੀਰ ਵਿਚ ਉਸ ਨੇ ਜੀ. ਐਚ. ਜੀ. ਅਕੈਡਮੀ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਅਤੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਨੂੰ ਅਕੈਡਮੀ ਵਿਚ ਬੁਲਾਵਾ ਦੇ ਕੇ ਇੰਨਾ ਮਾਣ ਬਖਸ਼ਿਆ ।ਅਕੈਡਮੀ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਨੇ ਉਸਦੇ ਵਿਦਿਆਰਥੀ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਸ ਨੇ 2007 ਵਿੱਚ ਦਸਵੀਂ ਦੀ ਪ੍ਰੀਖਿਆ ਚੰਗੇ ਅੰਕਾਂ ਨਾਲ ਪਾਸ ਕੀਤੀ। ਉਹ ਬਹੁਤ ਹੀ ਹੋਣਹਾਰ ਅਤੇ ਲਾਇਕ ਵਿਦਿਆਰਥਣ ਸੀ। ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਤੁਸੀਂ ਵੀ ਇਸ ਤਰ੍ਹਾਂ ਦੇ ਸੁਪਨੇ ਸਿਰਜੋ ਜਿਸ ਨਾਲ ਤੁਹਾਡੇ ਮਾਪਿਆਂ ਅਤੇ ਅਕੈਡਮੀ ਦਾ ਨਾਂ ਰੌਸ਼ਨ ਹੋਵੇ। ਅਖੀਰ ਵਿਚ ਜੀ. ਐਚ. ਜੀ .ਅਕੈਡਮੀ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਅਰਸ਼ਦੀਪ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਜੀ. ਐਚ. ਜੀ .ਅਕੈਡਮੀ ਦੀ ਪ੍ਰਾਪਤੀ ਪ੍ਰਾਪਤੀ ਦੱਸਦਿਆਂ ਖੁਸ਼ੀ ਪ੍ਰਗਟ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਮੈਂ ਉਮੀਦ ਕਰਦੀ ਹਾਂ ਕਿ ਤੁਹਾਡੇ ਵਿੱਚੋਂ ਵੀ ਇਸ ਤਰ੍ਹਾਂ ਦੇ ਸੈਂਕੜੇ ਅਰਸ਼ਦੀਪ ਭਵਿੱਖ ਵਿੱਚ ਆਪਣੇ ਮੁਕਾਮ ਤੇ ਪਹੁੰਚ ਕੇ ਅਕੈਡਮੀ ਦਾ ਮਾਣ ਵਧਾਉਣ ।